Wednesday, May 8, 2013

ਗੁਰੂ ਨਾਨਕ ਸਾਹਿਬ ਦੀ ਵਗਿਆਨ ਨੂ ਦੇਣ ?



ਗੁਰੂ ਨਾਨਕ ਸਾਹਿਬ ਦੀ ਵਗਿਆਨ ਨੂ ਦੇਣ ?
ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇ ਜਨਮ ਲਿਆ ਜਦੋਂ ਲੋਕਾਂ ਦੀ ਵਗਿਆਨ ਬਾਰੇ ਜਾਣਕਾਰੀ ਬਹੁਤ ਹੀ ਸੀਮਤ ਸੀ| ਲੋਕ ਸਮਝਦੇ ਸਨ ਕੇ ਧਰਤੀ ਇਕ ਬੱਲਦ ਨੇ ਆਪਣੇ ਸਿਰ ਤੇ ਚੱਕ ਰਖੀ ਹੈ ਅਤੇ ਜਦੋਂ ਇੱਕ ਪਾਸੇ ਥੱਕ ਜਾਂਦਾ ਹੈ ਤਾਂ ਸਿੰਗ ਬਦਲਦਾ ਹੈ ਇਸੇ ਕਾਰਨ ਭੂਚਾਲ ਆਉਂਦੇ ਹਨ ਜਾਂ ਕਿਸੇ ਕਛੂਕੁਮੇ ਨੇ ਜਾਂ ਸੱਪ ਨੇ ਚੱਕ ਰਖੀ ਹੈ| ਗਲੀਲਿਓ ਤੋਂ ਕੋਈ ਸੌ ਸਾਲ ਪਹਲਾਂ ਗੁਰੂ ਨਾਨਕ ਨੇ ਇਸ ਗਲ ਦਾ ਖੰਡਨ ਕਰ ਦਿੱਤਾ ਸੀ| ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥“ ਬਹੁਤ ਸਾਰੇ ਸਵਾਲ ਹਨ ਜੋ ਵਗਿਆਨ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਬਾਹਦ ਲੱਭੇ ਜਾਂ ਅਜੇ ਵੀ ਨਹੀਂ ਲੱਭੇ ਪਰ ਗੁਰੂ ਨਾਨਕ ਸਾਹਿਬ ਓਹਨਾ ਦੇ ਜਵਾਬ ਪੰਜ ਸੌ ਸਾਲ ਪਹਲਾਂ ਹੀ ਦੇ ਗਏ ਸਨ ਜਿਹਨਾ ਵਿਚੋਂ ਕੁਝ ਹਨ ;
੧. ਸ੍ਰਿਸ਼ਟੀ ਬੰਨਣ ਤੋਂ ਪਹਲਾਂ ਕੀ ਸੀ ?
ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥
ਅਰਥ:- (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ । ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ । ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ । ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ।1। ਤਦੋਂ ਨਾਹ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ ਨਾਹ ਜੀਵਾਂ ਦੀਆਂ ਬਾਣੀਆਂ ਸਨ । ਤਦੋਂ ਨਾਹ ਹਵਾ ਸੀ ਨਾਹ ਪਾਣੀ ਸੀ, ਨਾਹ ਉਤਪੱਤੀ ਸੀ ਨਾਹ ਪਰਲੌ ਸੀ, ਨਾਹ ਜੰਮਣ ਸੀ ਨਾਹ ਮਰਨ ਸੀ । ਤਦੋਂ ਨਾਹ ਧਰਤੀ ਦੇ ਨੌ ਖੰਡ ਸਨ ਨਾਹ ਪਾਤਾਲ ਸੀ, ਨਾਹ ਸਤ ਸਮੁੰਦਰ ਸਨ ਤੇ ਨਾਹ ਹੀ ਨਦੀਆਂ ਵਿਚ ਪਾਣੀ ਵਹਿ ਰਿਹਾ ਸੀ ।2।
੨. ਸ੍ਰਿਸ਼ਟੀ ਕਿਸ ਨੇ ਰਚੀ ਅਤੇ ਕਿਸ ਤਰਾਂ ?
ਏਕੋ ਕਰਤਾ ਜਿਨਿ ਜਗੁ ਕੀਆ ॥ ਬਾਝੁ ਕਲਾ ਧਰਿ ਗਗਨੁ ਧਰੀਆ ॥
ਅਰਥ:- ਉਹ ਇਕ ਆਪ ਹੀ ਆਪ ਕਰਤਾਰ ਹੈ ਜਿਸ ਨੇ ਜਗਤ ਰਚਿਆ ਹੈ, ਜਿਸ ਨੇ ਕਿਸੇ ਦਿੱਸਦੇ ਸਹਾਰੇ ਤੋਂ ਬਿਨਾ ਹੀ ਧਰਤੀ ਤੇ ਆਕਾਸ਼ ਨੂੰ ਠਹਰਾਇਆ ਹੋਇਆ ਹੈ ।
ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥
ਅਰਥ:- ਪਰਮਾਤਮਾ ਨੇ ਕਿਸੇ ਉਚੇਰੇ ਉੱਦਮ ਤੋਂ ਬਿਨਾ (ਸਹਜ ਸੁਭਾ) ਹੀ ਇਹ ਸਾਰਾ ਜਗਤ ਪੈਦਾ ਕੀਤਾ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ।
੩. ਜੀਵ ਧਰਤੀ ਤੇ ਕਿਉਂ ਆਉਂਦੇ ਹਨ ?
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਅਰਥ:- ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ। ਜੀਵ ਧਰਤੀ ਉਤੇ ਉਸ ਦੇ ਹੁਕਮ ਅਨੁਸਾਰ ਹੀ ਆਉਂਦੇ ਹਨ ਅਤੇ ਉਸ ਦੇ ਹੁਕਮ ਅਨੁਸਾਰ ਹੀ ਚਲੇ ਜਾਂਦੇ ਹਨ |
੪. ਇਹ ਸ੍ਰਿਸ਼ਟੀ ਕਿੰਨੀ ਕੁ ਵੱਡੀ ਹੈ ?
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥
ਅਰਥ:- ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ॥੧॥
ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥
ਅਰਥ:- ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ। ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ। ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ, ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ। (ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ। ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ। ਉਸ ਦਾ ਨਾਮਣਾ ਭੀ ਉੱਚਾ ਹੈ।ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ)। ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ। ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ ॥੨੪॥
ਇਸ ਲਈ ਉਸ ਦੀ ਸ੍ਰਿਸ਼ਟੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਹਾਲੇ ਵੀ ਬਹੁਤ ਸਾਰੇ ਤਾਰੇ ਅਤੇ ਬ੍ਰਹਮੰਡ ਹਨ ਜਿਨਾ ਤੱਕ ਇਨਸਾਨ ਦੀ ਪਹੁੰਚ ਨਹੀਂ ਹੋਈ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥“
੫. ਸ੍ਰਿਸ਼ਟੀ ਨੂ ਕੌਣ ਅਤੇ ਕਿਵੇਂ ਚਲਾ ਰਿਹਾ ਹੈ ?
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
ਅਰਥ:- ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ। ਅਕਾਲਪੁਰਖ ਹਰ ਜੀਵ ਹਰ ਕਣ ਵਿੱਚ ਸਮਾਇਆ ਹੋਇਆ ਹੈ, ਇਸੇ ਵਾਸਤੇ ਕੋਈ ਵੀ ਕਾਰ ਉਸ ਤੋਂ ਬਿਨਾ ਨਹੀਂ ਹੋ ਸਕਦੀ ਸਾਰਾ ਕੁਝ ਕਰਨ ਕਰਾਵਣ ਵਾਲਾ ਓਹ ਆਪ ਹੀ ਹੈ|
ਆਪੇ ਆਪੁ ਉਪਾਇ ਨਿਰਾਲਾ ॥ ਸਾਚਾ ਥਾਨੁ ਕੀਓ ਦਇਆਲਾ ॥ ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥ ਨਉ ਘਰ ਥਾਪੇ ਥਾਪਣਹਾਰੈ ॥ ਦਸਵੈ ਵਾਸਾ ਅਲਖ ਅਪਾਰੈ ॥ ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥੨॥ ਰਵਿ ਸਸਿ ਦੀਪਕ ਜੋਤਿ ਸਬਾਈ ॥ ਆਪੇ ਕਰਿ ਵੇਖੈ ਵਡਿਆਈ ॥ ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥੩॥
ਅਰਥ:- (ਪਰਮਾਤਮਾ) ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪੈਦਾ ਕਰ ਕੇ (ਮਾਇਆ ਦੇ ਮੋਹ ਤੋਂ) ਨਿਰਲੇਪ (ਭੀ) ਰਹਿੰਦਾ ਹੈ । ਹਵਾ ਪਾਣੀ ਅੱਗ (ਆਦਿਕ ਤੱਤਾਂ) ਦਾ ਮੇਲ ਕਰ ਕੇ ਉਹ ਪਰਮਾਤਮਾ ਸਰੀਰ-ਕਿਲ੍ਹਾ ਰਚਦਾ ਹੈ ਤੇ ਸਦਾ-ਥਿਰ ਦਇਆਲ ਪ੍ਰਭੂ ਇਸ ਸਰੀਰ ਨੂੰ (ਆਪਣੇ ਰਹਿਣ ਲਈ) ਥਾਂ ਬਣਾਂਦਾ ਹੈ ।1। ਬਣਾਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ (ਕਰਮ ਇੰਦ੍ਰੇ) ਬਣਾਏ ਹਨ । ਦਸਵੇਂ ਘਰ (ਦਸਵੇਂ ਦੁਆਰ) ਵਿਚ ਉਸ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੀ ਰਿਹੈਸ਼ ਹੈ(ਜੀਵ ਮਾਇਆ ਦੇ ਮੋਹ ਵਿਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ) ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦਾ ਮਨ ਉਸ ਦੀ ਬੁੱਧੀ-ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ।2। ਪਰਮਾਤਮਾ ਆਪ ਹੀ ਸੂਰਜ ਚੰਦ੍ਰਮਾ (ਜਗਤ ਦੇ) ਦੀਵੇ ਬਣਾ ਕੇ ਆਪਣੀ ਵਡਿਆਈ ਵੇਖਦਾ ਹੈ, ਇਹਨਾਂ ਸੂਰਜ ਚੰਦ੍ਰਮਾ (ਆਦਿਕ) ਦੀਵਿਆਂ ਵਿਚ ਸਾਰੀ ਸ੍ਰਿਸ਼ਟੀ ਵਿਚ ਉਸ ਦੀ ਆਪਣੀ ਹੀ ਜੋਤਿ (ਚਾਨਣ ਕਰ ਰਹੀ) ਹੈ । ਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ । ਜੇਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੋਭਾ ਦੇਂਦਾ ਹੈ ।3।
ਇਸੇ ਤਰਾਂ ਗੁਰੂ ਨਾਨਕ ਸਾਹਿਬ ਜੀ ਨੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਆਪਣੀ ਬਾਣੀ ਵਿੱਚ ਦਿੱਤੇ ਅਤੇ ਲੋਕਾਂ ਤੱਕ ਪਹੁੰਚਾਏ| ਗੁਰੂ ਨਾਨਕ ਸਾਹਿਬ ਜੀ ਦਾ ਵਗਿਆਨਿਕ ਪੱਖ ਇੱਕ ਬਹੁਤ ਹੀ ਅਣਗੋਲਿਆ ਵਿਸ਼ਾ ਹੈ| ਜਿਸ ਸਮੇ ਤੇ ਗੁਰੂ ਨਾਨਕ ਸਾਹਿਬ ਇਸ ਦੁਨੀਆ ਤੇ ਆਏ ਉਸ ਸਮੇ ਲੋਕ ਬਹੁਤ ਬੁਰੀ ਤਰਾਂ ਕਰਮਕਾਂਡਾਂ ਵਿੱਚ ਫੱਸੇ ਹੋਏ ਸਨ| ਕਿਸੇ ਨੂ ਨਹੀਂ ਪਤਾ ਸੀ ਕੇ ਕੀ ਧਰਤੀ ਗੋਲ ਹੈ ? ਗ੍ਰੈਵਿਟੀ ਕੀ ਚੀਜ਼ ਹੈ? ਰੁਤਾਂ ਕਿਸ ਤਰਾਂ ਬਣਦੀਆਂ ਹਨ?  ਧਰਤੀ ਕਿਸ ਦੇ ਆਸਰੇ ਖੜੀ ਹੈ? ਕੀ ਹੋਰ ਵੀ ਧਰਤੀਆਂ ਹਨ? ਕੁਦਰਤ ਕੀ ਹੈ ? ਅਤੇ ਬਹੁਤ ਸਾਰੇ ਇਸ ਤਰਾਂ ਦੇ ਹੋਰ ਸਵਾਲ ਹਨ ਜਿਨਾ ਦਾ ਜਵਾਬ ਗੁਰੂ ਸਾਹਿਬ ਨੇ ਘਰ ਘਰ ਜਾ ਕੇ ਦਿੱਤਾ| ਉਸ ਸਮੇ ਦੇ ਹਲਾਤਾਂ ਵਿੱਚ ਏਹੋ ਜਿਹੇ ਸਵਾਲਾਂ ਦੇ ਜਵਾਬ ਦੇਣੇ ਕੋਈ ਸੌਖੇ ਨਹੀਂ ਹੁੰਦੇ ਹੋਣਗੇ, ਮੈ ਜਦੋਂ ਵੀ ਇਸ ਬਾਰੇ ਸੋਚਦਾ ਹਾਂ ਤਾਂ ਮੇਰਾ ਸਿਰ ਉਸ ਮਹਾਨ ਹਸਤੀ ਅਗੇ ਆਪਣੇ ਆਪ ਝੁੱਕ ਜਾਂਦਾ ਹੈ ਜਿਸ ਨੇ ਲੋਕਾਈ ਨੂ ਹਨੇਰੇ ਵਿਚੋਂ ਕੱਡ ਕੇ ਰੋਸ਼ਨੀ ਦਿਖਾਈ|
ਭੁੱਲ ਚੁੱਕ ਦੀ ਖਿਮਾ....ਵਰਿੰਦਰ ਸਿੰਘ (ਗੋਲਡੀ)

No comments:

Post a Comment