Wednesday, May 8, 2013

ਸੁਣਨਾ ਅਤੇ ਮੰਨਣਾ !



ਸੁਣਨਾ ਅਤੇ ਮੰਨਣਾ !
ਜਪੁਜੀ ਵਿਚ ਸੁਣਨ ਦਿਆਂ ਚਾਰ ਪੋੜੀਆਂ ਅਤੇ ਮੰਨਣ ਦਿਆਂ ਚਾਰ ਪੋੜੀਆਂ ਆਉਂਦੀਆਂ ਹਨ ..ਜੋ ਅਸੀਂ ਸਾਰੇ ਤਕਰੀਬਨ ਰੋਜ਼ ਪੜਦੇ ਹਾਂ ਅਤੇ ਬਹੁਤਿਆਂ ਨੂ ਜੁਬਾਨੀ ਯਾਦ ਵੀ ਹੋਣਗੀਆਂ| ਪਰ ਕੀ ਅਸੀਂ ਗੁਰੂ ਦੀ ਇਸ ਗਲ ਨੂ ਮਨਿਆ ? ਐਤਵਾਰ ਗੁਰਦਵਾਰੇ ਜਾਣਾ ਓਥੇ ਜਾ ਕੇ ਗੁਰਬਾਣੀ ਦਾ ਕੀਰਤਨ ਸੁਣਨਾ, ਗੁਰਬਾਣੀ ਦਾ ਪਾਠ ਸੁਣਨਾ, ਮੁੱਖਵਾਕ ਸੁਣਨਾ , ਲੰਗਰ ਛਕਣਾ ਤੇ ਨਿਬੜ ਗਿਆ ਕਮ ਇਕ ਹਫਤੇ ਵਾਸਤੇ| ਕੀ ਸੁਣਨ ਦਾ ਏਹੀ ਮਤਲਬ ਸੀ ਗੁਰੂ ਨਾਨਕ ਸਾਹਿਬ ਜੀ ਦਾ ? ਨਹੀਂ ਬਿਲਕੁਲ ਨਹੀਂ ਇਹ ਸੁਣਨਾ ਹਰਗਿਜ਼ ਨਹੀਂ ਹੈ| “ਸੁਣਨਾ” ਆਮ ਬੋਲਣ ਦੀ ਭਾਸ਼ਾ ਵਿਚ ਸਿਰਫ ਕੰਨਾ ਵਿਚ ਗਲ ਪੈਣ ਨੂ ਹੀ ਕਹੰਦੇ ਹਨ ਫਿਰ ਸਾਡਾ ਉਸ ਗਲ ਵੱਲ ਧਿਆਨ ਹੋਵੇ ਜਾਂ ਨਾ| ਪਰ ਗੁਰੂ ਜੀ ਦਾ ਜੁਪੁਜੀ ਵਿਚ ਸੁਣਨਾ ਸਿਰਫ ਗਲ ਕੰਨਾ ਵਿਚ ਪੈਨੀ ਨਹੀਂ ਹੈ ਸਗੋਂ ਓਹ ਗਲ ਹਿਰਦੇ ਤੱਕ ਪਹੁਂਚਨੀ ਅਤੇ ਦਿਮਾਗ ਵਿਚ ਬੈਠਣੀ ਹੈ( That It has been registered)  ਆਓ ਜਪੁਜੀ ਦੀਆਂ ਇਹਨਾ ਪੋੜੀਆਂ ਨੂ ਵਿਚਾਰੀਏ ......
ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥
ਗੁਰੂ ਦੀ ਸਿਫਤ ਸਲਾਹ ਦੀ ਗਲ ਨੂ ਸੁਣਨ ਦੀ ਪਹਲੀ ਸਟੇਜ ਤੇ ਮਨੁਖ ਉਚੀ ਆਤਮਿਕ ਅਵਸਥਾ ਤੇ ਪਹੁੰਚ ਜਾਂਦਾ ਹੈ, ਓਹ ਸਿਧਾਂ, ਪੀਰਾਂ, ਦੇਵਤਿਆਂ, ਅਤੇ ਨਾਥਾਂ ਵਾਲੀ ਪਦਵੀ ਪਾ ਲੈਂਦਾ ਹੈ| ਉਹ ਸਮਝ ਜਾਂਦਾ ਹੈ ਕੇ ਅਕਾਲਪੁਰਖ ਸਾਰੇ ਖੰਡਾਂ ਬ੍ਰਹਮੰਡਾ ਵਿਚ ਵਿਆਪਕ ਹੈ ਅਤੇ ਧਰਤੀ ਤੇ ਅਕਾਸ਼ ਦਾ ਆਸਰਾ ਹੈ| ਇਸ ਤਰਾਂ ਹੋਣ ਨਾਲ ਮੋਤ ਦਾ ਡਰ ਉਸ ਦੇ ਦਿਲ ਵਿਚੋਂ ਨਿਕਲ ਜਾਂਦਾ ਹੈ| ਸਾਰੇ ਦੁਖਾਂ ਦਾ ਖਾਤਮਾ ਹੋ ਜਾਂਦਾ ਹੈ ਅਤੇ ਓਹ ਹਮੇਸ਼ਾਂ ਖੁਸ਼ੀ ਵਿਚ ਰਹੰਦਾ ਹੈ|
ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥
ਦੂਜੀ ਸਟੇਜ ਵਿਚ ਜਿਉਂ ਜਿਉਂ ਸੁਰਤ ਜੁੜਦੀ ਹੈ ਤਾਂ ਵਿਕਾਰਾਂ ਵਿਚ ਫਸਿਆ ਹੋਇਆ ਮਨੁਖ ਵੀ ਵਿਕਾਰ ਛੱਡ ਕੇ ਸਿਫਤ ਸਲਾਹ ਕਰਨ ਵਾਲਾ ਸੁਬਾਅ ਬਣਾ ਲੈਂਦਾ ਹੈ| ਓਹ ਸਮਝ ਜਾਂਦਾ ਹੈ ਕੇ ਕੁ਼ਰਾਹੇ ਪੈ ਕੇ ਗਿਆਂਨ ਇੰਦ੍ਰੇ ਕਿਵੇਂ ਉਸ ਨੂ ਪਰਮਾਤਮਾ ਤੋਂ ਦੂਰ ਕਰ ਰਹੇ ਹਨ ਅਤੇ ਇਸ ਨੂ ਮਿਟਾਉਣ ਦਾ ਕੀ ਤਰੀਕਾ ਹੈ| ਉਸ ਦੇ ਨਾਮ ਵਿਚ ਜੁੜਿਆਂ ਹੀ ਧਾਰਮਿਕ ਪੁਸਤਕਾਂ ਦਾ ਗਿਆਂਨ ਉਸ ਦੇ ਮੰਨ ਵਿਚ ਖੁਲਦਾ ਹੈ|
ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥
ਤੀਜੀ ਸਟੇਜ ਵਿਚ ਓਹ ਸਮਝ ਜਾਂਦਾ ਹੈ ਕੇ ਨਾਮ ਵਿਚ ਸੁਰਤ ਜੋੜਿਆਂ ਹੀ ਮਨ ਵਿਸ਼ਾਲ ਹੁੰਦਾ ਹੈ, ਲੋੜਵੰਦਿਆਂ ਦੀ ਸੇਵਾ ਤੇ ਸੰਤੋਖ ਵਾਲਾ ਜੀਵਨ ਬਣਦਾ ਹੈ। ਨਾਮ ਵਿਚ ਚੁੱਭੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਗਤ ਦੇ ਕਿਸੇ ਮਾਣ-ਆਦਰ ਦੀ ਪਰਵਾਹ ਨਹੀਂ ਰਹਿ ਜਾਂਦੀ, ਮਨ ਸਹਜਿ ਅਵਸਥਾ ਵਿਚ, ਅਡੋਲਤਾ ਵਿਚ, ਮਗਨ ਰਹਿੰਦਾ ਹੈ।
ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੧॥
ਸੁਣਨ ਦੀ ਆਖਰੀ ਅਤੇ ਚੋਥੀ ਸਟੇਜ ਵਿਚ ਜਿਉਂ ਜਿਉਂ ਸੁਰਤਿ ਨਾਮ ਵਿੱਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿੱਚ ਚੁੱਭੀ ਲਾਂਦਾ ਹੈ। ਸੰਸਾਰ ਅਥਾਹ ਸਮੁੰਦਰ ਹੈ, ਜਿਥੇ ਰੱਬ ਨਾਲੋਂ ਵਿਛੜਿਆ ਹੋਇਆ ਜੀਵ ਅੰਨ੍ਹਿਆਂ ਵਾਂਗ ਹੱਥ ਪੈਰ ਮਾਰਦਾ ਹੈ। ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਹੈ ।11।
ਇਹ ਤਾਂ ਸੀ ਸੁਣਨ ਦੀਆਂ ਚਾਰ ਸਟੇਜਾਂ ਜਿਸ ਨਾਲ ਸਾਨੂ ਪਤਾ ਲਗਿਆ ਕੇ ਸੁਣਨ ਵਾਲੇ ਮਨੁਖ ਦੀ ਅਵਸਥਾ ਕਿਨੀ ਉਚੀ ਹੋ ਜਾਂਦੀ ਹੈ| ਪਰ ਫਿਰ ਵੀ ਹਾਲੇ ਸਾਨੂ ਸਿਰਫ ਰਸਤਾ ਹੀ ਮਿਲਿਆ ਹੈ ਤੇ ਜੇ ਇਸ ਰਸਤੇ ਤੇ ਚਲਾਂਗੇ ਨਹੀਂ ਤਾਂ ਮੰਜਿਲ ਕਦੇ ਵੀ ਨਹੀਂ ਮਿਲ ਸਕਦੀ| ਸੁਣਨ ਦੀ ਅਵਸਥਾ ਤੱਕ ਮਨੁਖ ਨੂ ਅਥਾਹ ਮੇਹਨਤ ਕਰਨੀ ਪੈਂਦੀ ਹੈ ਤਾਂ ਕੇ ਓਹ ਸਹੀ ਰਸਤੇ ਤੇ ਚੱਲ ਸਕੇ| ਪਰ ਮੰਨਣ ਦੀ ਅਵਸਥਾ ਸਹਜ ਵਾਲੀ ਹੋ ਜਾਂਦੀ ਹੈ ਜਿਥੇ ਸਾਰਾ ਕੁਝ ਆਪਣੇ ਆਪ ਹੋਣ ਲਗ ਜਾਂਦਾ ਹੈ| ਜੋ ਮਨੁਖ ਇਸ ਅਵਸਥਾ ਵਿਚ ਪਹੁੰਚ ਜਾਵੇ ਓਹ ਪ੍ਰਮਾਤਮਾ ਨਾਲ ਇਕ ਮਿੱਕ ਹੋ ਜਾਂਦਾ ਹੈ ਅਤੇ ਉਸ ਦਾ ਹੀ ਰੂਪ ਬਣ ਜਾਂਦਾ ਹੈ| ਆਓ ਇਹਨਾ ਪੋੜੀਆਂ ਨੂ ਵਿਚਾਰੀਏ ..
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
ਪਹਲੀ ਅਵਸਥਾ ਵਿਚ ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ।
ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥
ਦੂਜੀ ਅਵਸਥਾ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ ।
ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
ਮੰਨੇ ਦੀ ਤੀਜੀ ਅਵਸਥਾ ਵਿਚ ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ ਧਰਮਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ । ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ ।
ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
ਮੰਨੇ ਦੀ ਆਖਰੀ ਅਵਸਥਾ ਵਿਚ ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ­ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ
ਬਾਹਰਵੀਂ ਪੋੜੀ ਵਿਚ ਦੋ ਥਾਵਾਂ ਨੂ ਛੱਡ ਕੇ ਬਾਕੀ ਸਾਰੇ ਥਾਵਾਂ ਤੇ “ਮੰਨੈ” ਆਇਆ ਹੈ ਇਹਨਾ ਦੋਵਾਂ ਵਿਚ ਅੰਤਰ ਜਾਨਣਾ ਬਹੁਤ ਜਰੂਰੀ ਹੈ| ਮੰਨੇਦਾ ਭਾਵ ਹੈ, ‘ਮੰਨੇ ਹੋਏ ਮਨੁੱਖ ਦਾ... ਜਿਵੇਂ ਪਹਿਲੀਆਂ ਚਾਰ ਪਉੜੀਆਂ ਵਿਚ ਸੁਣਿਐਆਇਆ ਹੈ। ਸੁਣਿਐਦਾ ਅਰਥ ਹੈ ਸੁਣਨ ਨਾਲ, ਜੇ ਸੁਣ ਲਈਏਤਿਵੇਂ ਮੰਨੈਦਾ ਅਰਥ ਹੈ ਮੰਨ ਲੈਣ ਨਾਲ, ਜੇ ਮਨ ਪਤੀਜ ਜਾਏ
ਆਓ ਜਪੁਜੀ ਦਾ ਸਿਰਫ ਹਰ ਰੋਜ਼ ਤੋਤਾ ਰਟਣ ਹੀ ਨਾ ਕਰੀਏ ਸਮਝਣ ਦਾ ਜਤਨ ਵੀ ਕਰੀਏ ਕੇ ਗੁਰੂ ਸਾਹਿਬ ਸਾਨੂ ਕੀ ਹੁਕਮ ਕਰ ਰਹੇ ਹਨ ਤਾਂ ਹੀ ਹੁਕਮ ਰਜਾਈ ਚੱਲ ਸਕਾਂਗੇ |
 ਭੁੱਲ ਚੁੱਕ ਦੀ ਖਿਮਾ ...ਵਰਿੰਦਰ ਸਿੰਘ (ਗੋਲਡੀ)

No comments:

Post a Comment