Monday, December 2, 2013

ਅੱਜ ਦਾ ਸਿੱਖ

ਅੱਜ ਦਾ ਸਿੱਖ
ਕਹਨ ਨੂੰ ਤੂੰ ਸਿੱਖ ਕਹਾਵੇਂ ਪਰ ਕੰਮ ਕਰੇਂ ਤੂੰ ਮੰਦੇ
ਸਿੱਖ ਬੰਨਣ ਲਈ ਤਾਂ ਮਿਤਰਾ ਜਰਨੇ ਪੈਂਦੇ ਆਰੇ ਦੇ ਦੰਦੇ|

ਬਿਪਰ ਦੀ ਸੋਚ ਨੇ ਤੈਨੂੰ ਇਸ ਤਰਾਂ ਉਲਝਾਇਆ
ਧਰਮ ਦੇ ਨਾ ਦਾ ਡਰਾਵਾ ਦੇ ਕੇ ਕਰਮਕਾਂਡਾ ਵਿੱਚ ਫਸਾਇਆ
ਗੁਰਮੱਤ ਦੀ ਥਾਂ ਤੇ ਤੈਨੂੰ ਮਨਮੱਤ ਦਾ ਪਾਠ ਪੜਾਇਆ
ਗੁਰੂ ਦਾ ਪੱਲਾ ਛੱਡ ਕੇ ਤੂੰ ਆਪਣਾ ਸਾਰਾ ਕੁਝ ਗਵਾਇਆ
ਪਾਖੰਡੀਆਂ ਦੇ ਪਿਛੇ ਲਗ ਕੇ ਕਿਉਂ ਬੀਜੇਂ ਆਪਣੇ ਰਸਤੇ ਵਿੱਚ ਤੂੰ ਕੰਡੇ,
 ਸਿੱਖ ਬੰਨਣ ਲਈ ਤਾਂ ਮਿਤਰਾ ਜਰਨੇ ਪੈਂਦੇ ਆਰੇ ਦੇ ਦੰਦੇ|

ਧਰਮ ਦੇ ਨਾ ਤੇ ਪਾਠ ਕਰਾਵੇਂ ਕੀ ਕੀ ਨਹੀਂ ਤੂੰ ਕਰਦਾ  
ਦੀਵੇ ਜਗਾਵੇਂ, ਤੀਰਥ ਨਹਾਵੇਂ, ਬਾਬਿਆਂ ਦਾ ਪਾਣੀ ਭਰਦਾ
ਹਰ ਸਾਲ ਹੇਮਕੁੰਟ ਜਾ ਕੇ ਠੰਡ ਲਵਾਉਣ ਤੋਂ ਵੀ ਨਹੀਂ ਡਰਦਾ
ਜਿਹੜਾ ਤੈਨੂੰ ਗੁਰੂ ਦੀ ਮੱਤ ਦੇਵੇ ਓਹਦੇ ਨਾਲ ਹੀ ਤੂੰ ਲੜਦਾ
ਕਿਰਪਾਨ ਰੱਖ ਕੇ ਮਾਲਾ ਫੜ ਲਈ ਲਾ ਦਿੱਤੇ ਅਕਲ ਆਪਣੀ ਨੂੰ ਜੰਦੇ,
 ਸਿੱਖ ਬੰਨਣ ਲਈ ਤਾਂ ਮਿਤਰਾ ਜਰਨੇ ਪੈਂਦੇ ਆਰੇ ਦੇ ਦੰਦੇ|

ਮਨਮੱਤ ਛੱਡ ਕੇ ਗੁਰਮੱਤ ਲੈ ਲਾ ਜੇ ਤੂੰ ਭਵਜਲ ਤਰਨਾ
ਜੇ ਤੂੰ ਗੁਰੂ ਦੇ ਰਸਤੇ ਚਲਣਾ ਤਾਂ ਪੈਣਾ ਤੈਨੂੰ ਪਹਲਾਂ ਮਰਨਾ
ਦੂਜਿਆਂ ਨੂੰ ਛੱਡ ਕੇ ਆਪਣੇ ਵਿਕਾਰਾਂ ਨਾਲ ਪੈਣਾ ਤੈਨੂੰ ਲੜਨਾ
ਉਸ ਰਸਤੇ ਤੇ ਬਹੁਤੇ ਲੋਕਾਂ ਤੇਰੇ ਨਾਲ ਕਦੇ ਨਹੀਂ ਖੜਨਾ
‘ਗੋਲਡੀ’ ਆਪਣੇ ਕੀਤੇ ਕਰਮਾ ਕਰਕੇ ਹੁੰਦੇ ਮਾੜੇ ਚੰਗੇ ਬੰਦੇ
ਸਿੱਖ ਬੰਨਣ ਲਈ ਤਾਂ ਮਿਤਰਾ ਜਰਨੇ ਪੈਂਦੇ ਆਰੇ ਦੇ ਦੰਦੇ|
.......ਵਰਿੰਦਰ ਸਿੰਘ (ਗੋਲਡੀ)

Sunday, September 22, 2013

“ਵਾਹਿਗੁਰੂ”



“ਵਾਹਿਗੁਰੂ”
ਅੱਜ “ਵਾਹਿਗੁਰੂ” ਸ਼ਬਦ ਸਿੱਖ ਪੰਥ ਵਿੱਚ ਅਕਾਲਪੁਰਖ ਵਾਸਤੇ ਵਰਤਿਆ ਜਾਂਦਾ ਹੈ, ਸਿੱਖ ਜਦੋਂ ਸਿੱਖ ਨਾਲ ਫਤਹਿ ਸਾਂਝੀ ਕਰਦਾ ਹੈ ਤਾਂ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਕਹੰਦਾ ਹੈ ਨਾਮ ਸਿਮਰਨ ਦੇ ਨਾਮ ਤੇ ਵੀ ਸ਼ਾਇਦ ਸੱਭ ਤੋਂ ਜਿਆਦਾ “ਵਾਹਿਗੁਰੂ – ਵਾਹਿਗੁਰੂ” ਦਾ ਹੀ ਜਾਪ ਕੀਤਾ ਜਾਂਦਾ ਹੈ| ਆਓ ਇਸ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰੀਏ :-
ਵਾਹਿਗੁਰੂ ਸ਼ਬਦ ਵਾਹਿ + ਗੁਰੂ  ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, “ਵਾਹਿ” ਫਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ “ਗੁਰੂ” ਸੰਸਕ੍ਰਿਤ ਦਾ ਸ਼ਬਦ ਹੈ ਫਾਰਸੀ ਅਤੇ ਸੰਸਕ੍ਰਿਤ ਦੇ ਇਸ ਸੁੰਦਰ ਸੁਮੇਲ ਤੋਂ ਬਣੇ ਸ਼ਬਦ ਨੂੰ ਭੱਟ ਗਯੰਦ ਨੇ ੧੩ ਵਾਰ ਵਰਤਿਆ ਹੈ:-
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥
ਪਦ ਛੇਦ ਕਰਦੇ ਸਮੇ ਦੋਵਾਂ ਸ਼ਬਦਾਂ ਨੂੰ ਜੋੜ ਦਿੱਤਾ ਗਿਆ ਜਿਸ ਕਰਕੇ ਇਸ ਤਰਾਂ ਲਗਦਾ ਹੈ ਜਿਵੇਂ ਇੱਕੋ ਭਾਸ਼ਾ ਦਾ ਸ਼ਬਦ ਹੋਵੇ ਨਹੀਂ ਤਾਂ “ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥“ ਵਿੱਚ ਵੀ ਕੋਈ ਹਰਜ਼ ਨਹੀਂ ਸੀ| ਇਸ ਤੋਂ ਇਲਾਵਾ ਭੱਟ ਗਯੰਦ ਜੀ ਨੇ “ਵਾਹਗੁਰੂ” ਜਾਂ “ਵਾਹ ਗੁਰੂ” ਵੀ ਤਿਨ ਵਾਰ ਵਰਤਿਆ ਹੈ ਭੱਟ ਗਯੰਦ ਜੀ ਨੇ ਇਹ ਸ਼ਬਦ ਹਰ ਵਾਰ ਗੁਰੂ ਰਾਮ ਦਾਸ ਜੀ ਦੇ ਜੱਸ ਵਾਸਤੇ ਹੀ ਵਰਤੇ ਹਨ, ਅਤੇ ਹਰ ਵਾਰ ਇਸ ਦਾ ਅਰਥ “ਵਾਹ” ਜਾਂ “ਵਾਹੁ” ਹੀ ਹੈ  
ਗੁਰਬਾਣੀ ਵਿੱਚ “ਵਾਹੁ ਵਾਹੁ” ਕੋਈ ੭੦ ਵਾਰ ਆਇਆ ਹੈ ਜਿਸ ਦਾ ਅਰਥ ਤਕਰੀਬਨ ਹਰ ਵਾਰ ਧੰਨ ਧੰਨ ਹੈ ਜਾਂ ਪ੍ਰਮਾਤਮਾ ਦੀ ਸਿਫਤ ਸਲਾਹ ਹੈ
ਸਲੋਕੁ ਮਃ ੩ ॥
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥
ਅਰਥ: ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੈ, ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) 'ਵਾਹੁ ਵਾਹੁ' ਅਖਵਾਂਦਾ ਹੈ (ਭਾਵ, ਸਿਫ਼ਤਿ-ਸਾਲਾਹ ਕਰਾਂਦਾ ਹੈ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ। ਹੇ ਨਾਨਕ! (ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤਿ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ।੧।
ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 49ਵੀਂ ਪੌੜੀ ਵਿੱਚ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਇਹ ਅੱਖਰ ਚਾਰੇ ਜੁਗਾਂ ਦੇ ਚਾਰੇ ਅਵਤਾਰਾਂ ਦੇ ਪਹਿਲੇ ਅਖਰਾਂ ਦੇ ਮਿਲਾਪ ਤੋਂ ਹੋਂਦ ਵਿੱਚ ਆਇਆ ਹੈ ਜਿਵੇਂ ਕਿ (ਵਾਸਦੇਵ, ਰਾਮ, ਹਰਿਕ੍ਰਿਸ਼ਨ, ਗੋਬਿੰਦ) ਤੋਂ ਵਾ, ਰਾ, , ਗੋ ਚਾਰ ਅੱਖਰ ਲਿੱਤੇ ਹਨ ਤਾਂ ਸ਼ਬਦ ਦਾ ਰੂਪ ਵਾਰਾਹਗੋਬਣਿਆ, ‘ਵਾਹਿਗੁਰੂਨਾਂ ਬਣਿਆ, ਜੇ ਦੁਵਾਪਰ ਤ੍ਰੇਤੇ ਦਾ ਕ੍ਰਮ ਬਦਲ ਲਈਅੇ ਤਾਂ ਵੀ ਵਾਹਰਾਗੋਬਣਦਾ ਹੈ। ਅਜੀਹੀ ਭੁੱਲ ਭਾਈ ਗੁਰਦਾਸ ਜੀ ਵਰਗੇ ਗੁਰਮੱਤ ਦੇ ਧਾਰਨੀ ਕਦੇ ਵੀ ਨਹੀਂ ਕਰ ਸਕਦੇ ਸਨ, ਇਸ ਤੋਂ ਏਹੀ ਲਗਦਾ ਹੈ ਇਨ੍ਹਾਂ ਵਾਰਾਂ ਵਿੱਚ ਜਰੂਰ ਕੁੱਝ ਨ ਕੁੱਝ ਮਿਲਾਵਟ ਜਰੂਰ ਹੋਈ ਹੈ।
ਭਾਈ ਗੁਰਦਾਸ ਜੀ ਦੀ ਇੱਕ ਪੋੜੀ ਦੀ ਇੱਕ ਪੰਗਤੀ ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ ਦਾ ਗਲਤ ਅਰਥ ਕੱਡ ਕੇ ਵਾਹਿਗੁਰੂ ਸ਼ਬਦ ਦਾ ਤੋਤਾ ਰੱਟਣ ਹੁੰਦਾ ਆਮ ਹੀ ਦੇਖਿਆ ਜਾ ਸਕਦਾ ਗੁਰਦਵਾਰਿਆਂ ਵਿੱਚ ਚਲਦੇ ਸ਼ਬਦ ਨੂੰ ਜਦੋਂ ਮਰਜ਼ੀ ਰੋਕ ਕੇ ਗੁਰੂ ਦੇ ਕੀਰਤਨੀਏ “ਵਾਹੇਗੁਰੂ ਵਾਹੇਗੁਰੂ” ਦਾ ਜਾਪ ਸ਼ੁਰੂ ਕਰ ਦੇਂਦੇ ਹਨ ਜਿਹੜਾ ਸ਼ਬਦ ਚੱਲ ਰਿਹਾ ਹੁੰਦਾ ਹੈ ਉਸ ਨਾਲੋਂ ਸੰਗਤ ਦਾ ਲਿੰਕ ਬਿਲਕੁਲ ਟੁੱਟ ਜਾਂਦਾ ਹੈ ਕਈ ਗੁਰਦਵਾਰਿਆਂ ਵਿੱਚ ਬਤੀਆਂ ਬੁਝਾ ਕੇ “ਵਾਹੇਗੁਰੂ” ਦਾ ਜਾਪ ਕੀਤਾ ਜਾਂਦਾ ਹੈ ਅਤੇ ਦੋ ਤਿਨ ਘੰਟੇ ਦੇ ਜਾਪ ਮਗਰੋਂ ਜਿਹੋ ਜਏ ਗਏ ਸੀ ਓਹੋ ਜਿਹੇ ਹੀ ਵਾਪਸ ਆ ਜਾਂਦੇ ਹਾਂ ਕੁਝ ਵੀ ਸਿਖ ਕੇ ਨਹੀਂ ਆਉਂਦੇ ਗੁਰਮੰਤਰ ਦਾ ਅਸਲੀ ਅਰਥ ਹੈ ਗੁਰੂ ਦਾ ਗਿਆਂਨ ਲੈਣਾ, ਗੁਰੂ ਦੇ ਸ਼ਬਦ ਨੂੰ ਸਮਝ ਕੇ ਆਪਣੀ ਜਿੰਦਗੀ ਵਿੱਚ ਵਸਾਉਣਾ ਹੈ, ਜਿਵੇਂ ਸਹਸਕ੍ਰਿਤੀ ਸਲੋਕ ਹੈ ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ॥ਅਰਥਾਤ ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੱਧ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ ਵਾਹੇਗੁਰੂ ਕਹਨ ਵਿੱਚ ਕੋਈ ਹਰਜ਼ ਨਹੀਂ ਪਰ ਜਦੋਂ ਓਹ ਵਾਹੇਗੁਰੂ ਤੁਹਾਡੇ ਅੰਦਰੋਂ ਆਪਣੇ ਆਪ ਨਿਕਲੇ ਉਸ ਦੀ ਕੁਦਰਤ ਨੂੰ ਦੇਖ ਕੇ ਕੋਈ ਨਵਾਂ ਫੋਨ ਜਾਂ ਨਵਾਂ ਕੰਪਿਊਟਰ ਦੇਖਦੇ ਹਾਂ ਤਾਂ ਆਪਣੇ ਆਪ ਮੂੰਹ ਵਿਚੋਂ ਨਿਕਲਦਾ ਹੈ ਵਾਹ! ਬੱਸ ਏਹੀ ਅਸਲੀ ਵਡਿਆਈ ਹੈ ਉਸ ਵਾਹੇਗੁਰੂ ਜਾਂ ਅਕਾਲਪੁਰਖ ਦੀ ਉਸ ਨੂੰ ਰਾਮ ਕਹੋ, ਪ੍ਰਮਾਤਮਾ ਕਹੋ, ਅਕਾਲਪੁਰਖ ਕਹੋ, ਅੱਲਾ ਕਹੋ, ਜਾਂ ਵਾਹੇਗੁਰੂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਬੱਸ ਉਸ ਦੇ ਨਿਯਮ ਵਿੱਚ ਚਲਦੇ ਰਹੋ ਅਤੇ ਉਸ ਦੀ ਕੁਦਰਤ ਨੂੰ ਪਿਆਰ ਕਰੋ
ਉਸ ਅਕਾਲਪੁਰਖ ਨੂੰ ਬਾਰ ਬਾਰ ਯਾਦ ਕਰਕੇ “ਵਾਹਿਗੁਰੂ” ਜਾਂ “ਵਾਹਗੁਰੂ” ਜਾਂ “ਵਾਹੁ ਗੁਰੂ” ਕਹਨ ਵਿੱਚ ਕੋਈ ਹਰਜ਼ ਨਹੀਂ ਹੈ ਪਰ ਇਸ ਗਲ ਨੂੰ ਕਦੇ ਨਾ ਭੁਲਾਈਏ ਕੇ ਜਿਸ ਨੂੰ ਯਾਦ ਕਰ ਰਹੇ ਹਾਂ, ਕੀ ਅਸੀਂ ਉਸ ਦੀ ਕੁਦਰਤ ਨੂੰ ਵੀ ਓਨਾ ਹੀ ਪਿਆਰ ਕਰਦੇ ਹਾਂ? ਕੀ ਅਸੀਂ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਦਾ ਯਤਨ ਕਰ ਰਹੇ ਹਾਂ? ਕੀ ਅਸੀਂ ਆਪਣੇ ਆਪ ਨੂੰ ਸਚਿਆਰਾ ਮਨੁੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਅਸੀਂ ਰਬ ਦੇ ਦੈਵੀ ਗੁਣਾ ਨੂੰ ਆਪਣੇ ਅੰਦਰ ਧਾਰਣ ਦੀ ਕੋਸ਼ਿਸ਼ ਕਰ ਰਹੇ ਹਾਂ? ਜੇ ਹਾਂ ਤਾਂ ਉਸ ਅਕਾਲਪੁਰਖ ਦੀ “ਵਾਹੇ” ਕਹਨੀ ਬਣਦੀ ਹੈ
  “ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ”
.ਵਰਿੰਦਰ ਸਿੰਘ (ਗੋਲਡੀ)  

Thursday, September 19, 2013

ਗੁਰਮੱਤ



ਗੁਰਮੱਤ
ਗੁਰਮੱਤ ਗੁਰਮੱਤ ਹਰ ਕੋਈ ਆਖੇ ਪਰ ਗੁਰੂ ਦੀ ਮੱਤ ਕੋਈ ਲੈਂਦਾ ਨਾ,
ਜੇ ਤੂੰ ਗੁਰੂ ਦੇ ਰਸਤੇ ਚੱਲ ਪਿਆ ਤਾਂ ਦੁੱਖ ਕਦੇ ਵੀ ਸਹੰਦਾ ਨਾ|

ਗੁਰਬਾਣੀ ਨੂੰ ਮੰਤਰ ਸਮਝ ਕੇ ਕਿੰਨੇ ਪਾਠ ਕਰਾਏ,
ਰੱਬ ਦੀਆਂ ਖੁਸ਼ੀਆਂ ਪਾਉਣ ਵਾਸਤੇ ਲੰਗਰ ਕਈ ਲਵਾਏ,
ਦੁਖਾਂ ਤੋਂ ਛੁਟਕਾਰਾ ਪਾਉਣ ਲਈ ਦੀਵੇ ਵੀ ਕਈ ਜਗਾਏ,
ਹਰ ਸਾਧ ਦੇ ਡੇਰੇ ਜਾ ਕੇ ਮੱਥੇ ਬੜੇ ਘਸਾਏ,
ਗੁਰਮੱਤ ਜੇ ਤੂੰ ਸਿੱਖੀ ਹੁੰਦੀ ਤਾਂ ਇਹਨਾ ਚੱਕਰਾਂ ਵਿੱਚ ਕਦੇ ਪੈਂਦਾ ਨਾ,
ਜੇ ਤੂੰ ਗੁਰੂ ਦੇ ਰਸਤੇ ਚੱਲ ਪਿਆ ਤਾਂ ਦੁੱਖ ਕਦੇ ਵੀ ਸਹੰਦਾ ਨਾ|

ਗੁਰਬਾਣੀ ਦਾ ਹਰ ਇੱਕ ਅੱਖਰ ਜੀਵਨ ਜਾਚ ਸਿਖਾਏ,
ਇਸ ਨੂੰ ਸਮਝ ਕੇ ਹਰ ਇੱਕ ਬੰਦਾ ਚੰਗਾ ਜੀਵਨ ਬਤਾਏ,
ਤੇਰ ਮੇਰ ਦੇ ਫਰਕ ਨੂੰ ਭੁੱਲ ਕੇ ਸਭਨਾ ਨੂੰ ਅਪਨਾਏ,
ਤਾਂ ਹੀ ਬੰਦਾ ਇਸ ਦੁਨੀਆ ਤੇ ਆਉਣਾ ਸਫਲ ਬਨਾਏ ,
ਗੁਰਮੱਤ ਜੇ ਤੂੰ ਸਿੱਖੀ ਹੁੰਦੀ ਤਾਂ ਕਿੱਸੇ ਨੂੰ ਮਾੜਾ ਕਹੰਦਾ ਨਾ,
ਜੇ ਤੂੰ ਗੁਰੂ ਦੇ ਰਸਤੇ ਚੱਲ ਪਿਆ ਤਾਂ ਦੁੱਖ ਕਦੇ ਵੀ ਸਹੰਦਾ ਨਾ|

੩੫ ਮਹਾਪੁਰਸ਼ਾਂ ਨੇ ਰੱਲ ਕੇ ਇਹ ਅਮ੍ਰਿਤ ਬਣਾਇਆ,
ਜੀਂਦਗੀ ਜਿਉਣ ਦਾ ਹਰ ਇੱਕ ਨੁਸਕਾ ਇਸ ਦੇ ਵਿੱਚ ਹੈ ਪਾਇਆ,
ਪਰ ਇਸ ਅਮ੍ਰਿਤ ਰੂਪੀ ਬਾਣੀ ਨੂੰ ਕਿਸੇ ਅੰਦਰ ਨਾ ਵਸਾਇਆ,
ਬੱਸ ਪੜਿਆ ਤੇ ਹੋਰ ਪੜਿਆ ਤੇ ਸੀਸ ਝੁਕਾਇਆ,
ਸ਼ਬਦ ਦੀ ਵਿਚਾਰ ਕਰਨ ਨੂੰ ਕਦੇ ਸਮਾ ਨਾ ਲਾਇਆ,
‘ਗੋਲਡੀ’ ਜੇ ਇਸ ਨੂੰ ਸਮਝਿਆ ਹੁੰਦਾ ਤਾਂ ਗੁਰਮੱਤ ਤੋਂ ਬਿਨਾ ਕੋਈ ਰਹੰਦਾ ਨਾ,
ਜੇ ਤੂੰ ਗੁਰੂ ਦੇ ਰਸਤੇ ਚੱਲ ਪਿਆ ਤਾਂ ਦੁੱਖ ਕਦੇ ਵੀ ਸਹੰਦਾ ਨਾ|