ਕਤਿਕਿ
ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
ਕਤਿਕਿ
ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ
ਤੇ ਲਗਨਿ ਜਨਮ ਵਿਜੋਗ ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ ਵਿਚੁ ਨ ਕੋਈ ਕਰਿ ਸਕੈ ਕਿਸ
ਥੈ ਰੋਵਹਿ ਰੋਜ ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ
ਉਤਰਹਿ ਸਭਿ ਬਿਓਗ ॥ ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ
ਬੰਦੀ ਮੋਚ ॥ ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥ {ਪੰਨਾ 135}
ਅਰਥ:-
ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ
ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ
ਸਕਦਾ । ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ ।
ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ
ਹਨ । ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ, (ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ
ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ
ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ
ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ । (ਦੁਖੀ ਜੀਵ ਦੀ ਆਪਣੀ) ਕੋਈ ਪੇਸ਼
ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ
ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ । (ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ
ਜਾਂਦੇ ਹਨ । (ਨਾਨਕ ਦੀ ਤਾਂ ਇਹੀ ਬੇਨਤੀ ਹੈ-) ਹੇ ਮਾਇਆ ਦੇ
ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ । ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ
ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ
ਝੋਰੇ ਮੁੱਕ ਜਾਂਦੇ ਹਨ ।9।
ਅੱਜ
ਕੱਤਕ ਦਾ ਮਹੀਨਾ ਚੜਿਆ ਹੈ ਕੱਤਕ ਦੇ ਮਹੀਨੇ ਨੂ ਬਹੁਤ ਸੁਹਾਵਣਾ ਮਨਿਆ ਜਾਂਦਾ ਹੈ| ਗੁਰੂ ਜੀ
ਫਰਮਾਉਂਦੇ ਹਨ ਕੇ ਜੇ ਇਸ ਸੁਹਾਵਨੀ ਰੁੱਤ ਵਿਚ ਵੀ ਪ੍ਰਭੁ ਮਿਲਾਪ ਦੀ ਇਛਾ ਨਾ ਹੋਈ ਤਾਂ ਆਪਣੇ
ਕੀਤੇ ਕਰਮਾ ਦਾ ਹੀ ਦੋਸ਼ ਹੈ| “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ
ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥“ ਜੋ ਮਨੁਖ ਕਰਦਾ ਹੈ ਉਸੇ ਦਾ ਫਲ ਪਾਉਂਦਾ ਹੈ..
ਜਪੁਜੀ ਦੀ ੨੦ਵੀਂ ਪੌੜੀ ਵਿਚ ਗੁਰੂ ਸਾਹਿਬ ਫਰਮਾਉਂਦੇ ਹਨ; “ਪੁੰਨੀ ਪਾਪੀ ਆਖਣੁ ਨਾਹਿ ॥ ਕਰਿ
ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥“ ਪੁੰਨ
ਅਤੇ ਪਾਪ ਕੋਈ ਸਿਰਫ ਕਹਨ ਦੀਆਂ ਗਲਾਂ ਨਹੀਂ ਹਨ, ਜਿਸ ਤਰਾਂ ਦਾ ਬੀਜੋਗੇ ਫਲ ਉਸੇ ਤਰਾਂ ਦਾ
ਮਿਲੇਗਾ| ਖੁਸ਼ੀ ਨੂ ਪਾਉਣ ਦਾ ਰਸਤਾ ਸਿਰਫ ਅਤੇ ਸਿਰਫ ਅਕਾਲਪੁਰਖ ਹੈ| ਤੁਸੀਂ ਸਰੀਰਕ ਸੁੱਖ ਤਾਂ
ਭੋਗ ਸਕਦੇ ਹੋ ਪਰ ਮਾਨਸਿਕ ਸੁੱਖ ਸਿਰਫ ਅਕਾਲਪੁਰਖ ਹੀ ਦੇ ਸਕਦਾ ਹੈ| ਮਨੁੱਖ ਜਿਨਾ ਜਿਆਦਾ ਮਾਇਆ
ਦੇ ਬੰਧਨਾ ਵਿਚ ਫਸਦਾ ਜਾਂਦਾ ਹੈ ਓਨਾ ਜਿਆਦਾ ਰੱਬ ਜੀ ਤੋਂ ਦੂਰ ਹੁੰਦਾ ਜਾਂਦਾ ਹੈ| ਕਿਸੇ ਦੁਜੇ
ਦੇ ਅਗੇ ਆਪਣੇ ਰੋਣੇ ਰੋਣ ਨਾਲ ਕੁਝ ਨਹੀਂ ਹੁੰਦਾ..ਕਈ ਮਨੁੱਖ ਉਸ ਸੁੱਖ ਸ਼ਾਂਤੀ ਦੀ ਤਲਾਸ਼ ਵਿਚ
ਅਖੌਤੀ ਸੰਤਾਂ, ਸਾਧਾਂ, ਪਖੰਡੀਆਂ ਦੇ ਚੱਕਰਾਂ ਵਿਚ ਫੱਸ ਜਾਂਦੇ ਹਨ ਕੇ ਸ਼ਾਇਦ ਇਹ ਮੈਨੂ ਖੁਸ਼ੀ ਦਵਾ
ਸਕਦਾ ਹੈ...ਗੁਰੂ ਸਾਹਿਬ ਫਰਮਾਉਂਦੇ ਹਨ ਕੇ ਕੋਈ ਵਿਚੋਲਾ ਤੁਹਾਡੇ ਅਤੇ ਅਕਾਲਪੁਰਖ ਦੇ ਵਿਚਕਾਰ
ਨਹੀਂ ਆ ਸਕਦਾਇਸ ਲਈ ਕਿਸੇ ਕੋਲ ਜਾ ਕੇ ਆਪਣੇ
ਰੋਣੇ ਰੋਣ ਦਾ ਕੋਈ ਫਾਇਦਾ ਨਹੀਂ ਹੈ| ਜਿਹੜੇ ਕਰਮ ਕੀਤੇ ਹਨ ਓਹਨਾ ਦਾ ਫਲ ਤਾਂ ਭੁਗਤਨਾ ਹੀ ਪੈਣਾ ਹੈ
“ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ
ਭਵਾਈਅਹਿ ॥“ ਉਸ ਦੇ ਹੁਕਮ ਵਿੱਚ ਹੀ ਕੀਤੇ ਕਰਮਾ
ਦਾ ਹਿਸਾਬ ਕਿਤਾਬ ਹੁੰਦਾ ਹੈ| ਚੰਗੇ ਭਾਗਾਂ ਨਾਲ ਜਦੋਂ ਅਕਾਲਪੁਰਖ ਮਿਲ ਜਾਂਦਾ ਹੈ ਭਾਵ ਮਨੁਖ ਉਸ
ਨਾਲ ਇਕ ਮਿੱਕ ਹੋ ਜਾਂਦਾ ਹੈ (ਤੇਰ,ਮੇਰ,ਈਰਖਾ,ਲਾਲਚ,ਕ੍ਰੋਧ,ਹਉਮੇ ਖਤਮ ਹੋ ਜਾਂਦੀ ਹੈ) ਤਾਂ ਸਾਰੇ
ਦੁੱਖ ਮਿਟ ਜਾਂਦੇ ਹਨ| ਅਖੀਰ ਵਿਚ ਨਾਨਕ ਅਰਦਾਸ ਕਰਦਾ ਹੈ ਕੇ ਮੈਨੂ ਮਾਇਆ ਦੇ ਬੰਧਨਾ ਤੋਂ ਮੁਕਤ
ਕਰਵਾ ਦੇ ਕਿਉਂਕੇ ਇੱਕ ਤੂੰ ਹੀ ਹੈ ਜੋ ਇਹ ਕਰ ਸਕਦਾ ਹੈਂ| ਇਸ ਕੱਤਕ ਦੀ ਸੁਹਾਵਨੀ ਰੁੱਤ ਵਿਚ
ਜਿਨਾ ਨੂ ਸਾਧ ਸੰਗਤ ਮਿਲ ਜਾਂਦੀ ਹੈ ਓਹਨਾ ਦੇ ਸਾਰੇ ਫੁਰਨੇ ਮੁੱਕ ਜਾਂਦੇ ਹਨ ਅਤੇ ਓਹ “ਹੁਕਮ
ਰਜਾਈ ਚਲਣਾ” ਦੀ ਅਵਸਥਾ ਵਿਚ ਪਹੁੰਚ ਜਾਂਦੇ ਹਨ| ......ਭੁੱਲ ਚੁੱਕ ਦੀ ਖਿਮਾ ਵਰਿੰਦਰ ਸਿੰਘ
(ਗੋਲਡੀ)
No comments:
Post a Comment