ਪਵਣੁ
ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਗੁਰੂ
ਨਾਨਕ ਸਾਹਿਬ ਜੀ ਦਾ ਇਹ ਜਪੁਜੀ ਦੇ ਅਖੀਰ ਤੇ ਲਿਖਿਆ ਸਲੋਕ ਸ਼ਾਇਦ ਸਭ ਤੋਂ ਜਿਆਦਾ ਪੜਿਆ ਜਾਂਦਾ
ਹੈ| ਕੀ ਕਾਰਨ ਹੈ ਕੇ ਇਸ ਸਲੋਕ ਨੂ ਹਰ ਬਾਣੀ ਦੇ ਅਖੀਰ ਵਿਚ ਪੜਨ ਦੀ ਹਦਾਇਤ ਹੈ| ਆਓ ਇਸ ਸਲੋਕ ਨੂ
ਵਿਚਾਰੀਏ :
ਸਲੋਕੁ
॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ
ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ ਗਏ
ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
ਅਰਥ:-
ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ
(ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ
ਹਨ)। ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ
ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ
ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰਿ ਹੋ ਜਾਂਦੇ ਹਨ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ
ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਅਕਾਲ ਪੁਰਖ ਦੇ ਦਰ ’ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ)
ਕਈ ਜੀਵ ਉਹਨਾਂ ਦੀ ਸੰਗਤਿ ਵਿਚ (ਰਹਿ ਕੇ) (“ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ
ਹਨ।1।
ਵਿਚਾਰ
:- ਸਭ ਤੋਂ ਪਹਲਾਂ ਪਵਨ (ਹਵਾ, ਸਵਾਸ, ਵਾਯੂ) ਦੀ ਗੁਰੂ ਨਾਲ ਤੁਲਨਾ ਕੀਤੀ ਹੈ, ਜਿਸ ਤਰਾਂ ਪਵਨ
ਹਰ ਜਗਾਹ ਤੇ ਬਰਾਬਰ ਵਗਦੀ ਹੈ ਉਸੇ ਤਰਾਂ ਗੁਰੂ
ਦਾ ਗਿਆਂਨ ਵੀ ਹਰ ਕਿਸੇ ਵਾਸਤੇ ਹਰ ਜਗਾਹ ਤੇ ਇਕੋ ਜਿਹਾ ਹੈ| ਜਿਸ ਤਰਾਂ ਸਵਾਸਾਂ ਤੋਂ ਬਿਨਾ
ਪ੍ਰਾਣੀ ਜਿੰਦਾ ਨਹੀਂ ਰਹ ਸਕਦਾ ਇਸੇ ਤਰਾਂ ਗੁਰੂ ਤੋਂ ਬਿਨਾ ਆਤਮਾ ਜਿੰਦਾ ਨਹੀਂ ਰਹ ਸਕਦੀ|
ਉਸ
ਤੋਂ ਬਾਹਦ ਪਾਣੀ ਜੋ ਸਭ ਜੀਆਂ ਦਾ ਅਧਾਰ ਹੈ ਦੀ ਤੁਲਨਾ ਪਿਤਾ ਨਾਲ ਕੀਤੀ ਗਈ ਹੈ| ਪਾਣੀ ਤੋਂ ਬਿਨਾ
ਕੋਈ ਜੀਵ ਜੰਤੁ ਜਿੰਦਾ ਨਹੀਂ ਰਹ ਸਕਦਾ ਇਸ ਗਲ ਨੂ ਪਾਣੀ ਵੀ ਚੰਗੀ ਤਰਾਂ ਜਾਣਦਾ ਹੈ, ਪਰ ਇਸ ਦੇ
ਬਾਵਜੂਦ ਪਾਣੀ ਹਮੇਸ਼ਾਂ ਢਲਾਨ ਵਾਲੇ ਪਾਸੇ ਨੂ ਵੱਗਦਾ ਹੈ, ਓਹ ਕਦੇ ਵੀ ਨਹੀਂ ਕਹੰਦਾ ਕੇ ਮੈ ਉਪਰ
ਵੱਲ ਨੂ ਵਗਣਾ ਹੈ| ਇਕ ਹੋਰ ਗੁਣ ਪਾਣੀ ਦਾ ਹੈ ਕੇ ਓਹ ਨਿਰਮਲ ਗਿਣਿਆ ਜਾਣਦਾ ਹੈ ਪਰ ਦੁਜੇ ਦੀ ਮੈਲ
ਲਾਉਣ ਲਗਿਆਂ ਓਹ ਇਕ ਵਾਰ ਵੀ ਨਹੀਂ ਸੋਚਦਾ ਕੇ ਮੈ ਨਿਰਮਲ ਨਹੀਂ ਰਹਾਂਗਾ ਗੰਦਾ ਹੋ ਜਾਵਾਂਗਾ|
ਤੀਜਾ ਗੁਣ ਜੋ ਪਾਣੀ ਦਾ ਹੈ ਓਹ ਇਹ ਹੈ ਕੇ ਓਹ ਜਿਸ ਵਿੱਚ ਵੀ ਮਿਲਾਇਆ ਜਾਂਦਾ ਹੈ ਉਸੇ ਦਾ ਰੰਗ
ਧਾਰਣ ਕਰ ਲੈਂਦਾ ਹੈ|
ਇਸ
ਤੋਂ ਬਾਹਦ ਗੁਰੂ ਸਾਹਿਬ ਧਰਤੀ ਦੀ ਤੁਲਨਾ ਮਾਤਾ ਨਾਲ ਕਰਦੇ ਹਨ, ਧਰਤੀ ਦਾ ਜਿਗਰਾ ਬਹੁਤ ਵੱਡਾ ਹੈ(
ਮਾ ਵਰਗਾ ) ਕੋਈ ਉਸ ਨੂ ਕੱਟੇ, ਵੱਡੇ, ਟੁਕੜੇ ਕਰੇ ਓਹ ਕਦੇ ਗਿਲਾ ਸ਼ਿਕਵਾ ਨਹੀਂ ਕਰਦੀ ਫਿਰ ਵੀ ਹਰ
ਇਕ ਨਾਲ ਉਤਨਾ ਹੀ ਪਿਆਰ ਕਰਦੀ ਹੈ| ਐਨਾ ਕੁਝ ਕਰਨ ਦੇ ਬਾਹਦ ਵੀ ਜੇ ਉਸ ਵਿਚ ਕੁਝ ਬੀਜੋ ਤਾਂ ਆਪਣੀ
ਪਰਵਾਹ ਨਾ ਕਰਦੀ ਹੋਈ ਹਰ ਇਕ ਨੂ ਬਰਾਬਰ ਫਲ ਦੇਂਦੀ ਹੈ|
ਇਹ
ਤਿਨ ਨੁਕਤੇ ਸਮਝਣ ਵਾਲੇ ਹਨ, ਗੁਰੂ ਸਾਹਿਬ ਸਾਨੂ ਇਹ ਦੱਸ ਰਹੇ ਹਨ ਕੇ ਇਹਨਾ ਦੇ ਸਾਰੇ ਗੁਣ ਆਪਣੇ
ਜੀਵਨ ਵਿੱਚ ਲੈ ਕੇ ਆ| ਤੈਨੂ ਅਕਾਲਪੁਰਖ ਨੇ ਇਸ ਦੁਨੀਆ ਤੇ ਵਿਚਰਨ ਵਾਸਤੇ ਦਿਨ ਅਤੇ ਰਾਤ ਦੋ
ਖਿਡਾਵਾ ਤੇ ਖਿਡਾਵੀ ਦੇ ਦਿੱਤੇ ਹਨ| ਹੁਣ ਤੂੰ ਆਪਣੀ ਜਿੰਦਗੀ ਕਿਵੇਂ ਬਤੀਤ ਕਰਨੀ ਹੈ ਓਹ ਤੇਰੇ
ਹੱਥ ਹੈ| ਸਾਰੀ ਜਿੰਦਗੀ ਵਿਕਾਰਾਂ ਵਿਚ ਰਹ ਕੇ ਜਾਂ ਗੁਰੂ ਦੀ ਮੱਤ ਤੇ ਚੱਲ ਕੇ| ਪਰ ਇਕ ਗਲ ਯਾਦ
ਰਖੀਂ ਤੂੰ ਜੋ ਵੀ ਚੰਗਾ ਜਾਂ ਮੰਦਾ ਕੰਮ ਕਰ ਰਿਹਾ ਹੈਂ ਉਸ ਦਾ ਹਿਸਾਬ ਤੈਨੂ ਦੇਣਾ ਹੀ ਪਵੇਗਾ|
ਕਪੜੁ
ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ ਹੁਕਮ
ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥ ਕਰਿ
ਅਉਗਣ ਪਛੋਤਾਵਣਾ ॥੧੪॥ {ਪੰਨਾ 470-471}
ਤੇਰੇ ਕੀਤੇ ਕਰਮਾ ਅਨੁਸਾਰ ਹੀ ਤੂੰ ਅਕਾਲਪੁਰਖ ਦੇ
ਨੇੜੇ ਜਾਂ ਦੂਰ ਹੁੰਦਾ ਹੈਂ| ਮਨੁੱਖ ਜੋ ਵੀ ਪਾਪ
ਜਾਂ ਪੁੰਨ ਕਰਦਾ ਹੈ ਉਸ ਦਾ ਲੇਖਾ ਉਸ ਨੂ ਦੇਣਾ ਹੀ ਪੈਂਦਾ ਹੈ| ਜਪੁਜੀ ਦੀ ਵੀਹਵੀਂ ਪੌੜੀ ਵਿੱਚ
ਗੁਰੂ ਸਾਹਿਬ ਫਰਮਾਉਂਦੇ ਹਨ: “ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ
ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥“
ਅਖੀਰ
ਵਿਚ ਗੁਰੂ ਸਾਹਿਬ ਦੱਸ ਰਹੇ ਹਨ ਕੇ ਜਿਨਾ ਮਨੁਖਾਂ ਨੇ ਉਸ ਅਕਾਲਪੁਰਖ ਦਾ ਸਿਮਰਨ ਕੀਤਾ ਹੈ, ਭਾਵ
ਉਸ ਦੇ ਇਹਨਾ ਗੁਣਾ ਨੂ ਆਪਣੀ ਜਿੰਦਗੀ ਦਾ ਅਧਾਰ ਬਣਾ ਲਿਆ ਹੈ ਅਤੇ ਗੁਰੂ ਦੀ ਦਿੱਤੀ ਮੱਤ ਉਤੇ
ਚਲਦੇ ਹਨ ਓਹਨਾ ਦੀ ਮੇਹਨਤ ਜਰੂਰ ਸਫਲ ਹੁੰਦੀ ਹੈ| ਓਹਨਾ ਦੇ ਮੁੱਖ ਉਜਲੇ ਹੁੰਦੇ ਹਨ ਭਾਵ ਓਹਨਾ ਦੀ
ਹਰ ਕੋਈ ਸਿਫਤ ਕਰਦਾ ਹੈ| ਇਕ ਨੁਕਤਾ ਐਥੇ ਹੋਰ ਵਿਚਾਰਨ ਜੋਗ ਹੈ ਕੇ ਅਖੀਰ ਵਿੱਚ ਗੁਰੂ ਸਾਹਿਬ ਕਹ
ਰਹੇ ਹਨ “ਕੇਤੀ ਛੁਟੀ ਨਾਲਿ” ਗੁਰਮਤ ਵਿੱਚ ਸਿਰਫ ਆਪਣੇ ਆਪ ਨੂ ਸਵਾਰਨਾ ਹੀ
ਪ੍ਰਵਾਨ ਨਹੀਂ ਹੈ ਨਾਲ ਦੂਜਿਆਂ ਨੂ ਵੀ ਗਿਆਂਨ ਦਾ ਚਾਨਣ ਵੰਡਣਾ ਹੈ| ਗੁਰੂ ਨਾਨਕ ਸਾਹਿਬ ਨੇ ਇਸੇ
ਕਰਕੇ ਐਨੀਆਂ ਉਦਾਸੀਆਂ ਕੀਤੀਆਂ , ਓਹ ਸਿਰਫ ਚੰਗੇ ਬੰਦਿਆਂ ਨੂ ਹੀ ਨਹੀਂ ਮਿਲੇ ਸਗੋਂ ਕੋਡੇ, ਸਜਣ
ਠੱਗ,ਅਤੇ ਮਲਿਕ ਭਾਗੋ ਵਰਗੇ ਬੰਦਿਆਂ ਨੂ ਵੀ ਮਿਲੇ ਅਤੇ ਸਚ ਦਾ ਰਸਤਾ ਦਿਖਾਇਆ| ਆਓ ਗੁਰੂ ਦੀ ਮੱਤ
ਤੇ ਚੱਲ ਕੇ ਆਪਣਾ ਅਤੇ ਦੂਜਿਆਂ ਦਾ ਜੀਵਨ ਸਚਿਆਰਾ ਕਰੀਏ| ਭੁੱਲ ਚੁੱਕ ਦੀ ਖਿਮਾ ....ਵਰਿੰਦਰ
ਸਿੰਘ (ਗੋਲਡੀ)
No comments:
Post a Comment