ਮੈ ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
ਪਹਲਾ ਡਰ ਮੈ ਰਬ ਦਾ ਪਾਇਆ,
ਜਿਸ ਦਾ ਕੋਈ ਰੂਪ ਨਹੀਂ ਹੈ, ਉਸ ਨੂੰ ਬੰਦਿਆਂ ਵਰਗਾ ਬਣਾਇਆ,
ਭੋਲੇ ਲੋਕਾਂ ਉਸ ਦੀ ਖਾਤਿਰ, ਕੀ ਕੀ ਨਹੀਂ ਮੈਨੂੰ ਖਵਾਇਆ,
ਮੇਰੀ ਸਿੱਧੀ ਗਲ ਬਾਤ ਹੈ , ਏਹੀ ਸੱਭ ਨੂੰ ਪਾਠ ਪੜਾਇਆ,
ਰਬ ਦੇ ਨਾ ਤੇ ਮੈਨੂੰ ਦੇਵੋ ਖਾਣਾ, ਕਪੜਾ, ਪੈਸਾ ਤੇ ਲਾਰੀ,
ਮੈ ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
ਦੂਜਾ ਡਰਾਵਾ ਆਵਾ ਗਾਉਣ ਦਾ,
ਚੋਰਾਸੀ ਦੇ ਚੱਕਰ ਵਿਚੋਂ ਬਾਹਰ ਕਢਾਉਣ ਦਾ,
ਪਿਛਲੇ ਪਾਪਾਂ ਨੂੰ ਸਾਫ਼ ਕਰਾਉਣ ਦਾ,
ਆਉਣ ਵਾਲੇ ਜਨਮ ਨੂੰ ਸਫਲ ਬਣਾਉਣ ਦਾ,
ਮੈਨੂੰ ਦੇ ਕੇ ਅਗਲਾ ਸਵਾਰੋ ਇਸ ਵਾਰ ਤਾਂ ਲੰਗ ਗਈ ਤੁਹਾਡੀ ਵਾਰੀ,
ਮੈ ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
ਤੀਜਾ ਡਰ ਮੈ ਆਤਮਾ ਦਾ ਪਾਇਆ,
ਮਰਨ ਤੋਂ ਬਾਹਦ ਵੀ ਮੈ ਪੈਸਾ ਕਮਾਇਆ,
ਹਰ ਸਾਲ ਮੈਨੂੰ ਘਰ ਬੁਲਾਇਆ,
ਮਰਿਆਂ ਦਾ ਇਹਨਾ ਸ਼ਰਾਧ ਕਰਾਇਆ,
ਆਤਮਾ ਦੀ ਸ਼ਾਂਤੀ ਖਾਤਿਰ ਕਿਹੜੀ ਕਿਹੜੀ ਵਸਤ ਨਹੀਂ ਚਾੜੀ,
ਮੈ ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
ਵੈਸੇ ਮੇਰੇ ਰੂਪ ਬੜੇ ਨੇ, ਹਰ ਧਰਮ ਵਿੱਚ ਮੈਨੂੰ ਪਾਵੋ,
ਪੰਡਿਤ, ਬ੍ਰਾਹਮਿਨ, ਭਾਈ ਤੇ ਸਾਧੂ ਕਹੋ ਜੋ ਮੈਨੂੰ ਕਹਣਾ ਚਾਵੋ,
ਕਰਮਕਾਂਡਾਂ ਦੇ ਵਿੱਚ ਫੱਸਕੇ ਮੇਰਾ ਘਰ ਤੁਸੀਂ ਭਰਦੇ ਜਾਵੋ,
ਆਪਣੇ ਤੇ ਵਿਸ਼ਵਾਸ਼ ਨਹੀਂ ਹੈ, ਅਰਦਾਸ ਵੀ ਤੁਸੀਂ ਮੈਥੋਂ ਕਰਾਵੋ,
“ਗੋਲਡੀ” ਰਬ ਨਾਲ ਸਾਂਝ ਤੂੰ ਪਾ ਲੈ, ਛੱਡ ਦੇ ਵਿਚੋਲੇ ਵਾਲੀ ਬਿਮਾਰੀ,
ਮੈ ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
No comments:
Post a Comment