Friday, May 31, 2013

ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ

ਫਿਰ ਚੜਿਆ ਮਹੀਨਾ ਜੂਨ ਦਾ, ਜੋ ਮੈਥੋਂ ਭੁਲਾਇਆ ਨਾ ਜਾਵੇ,
ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ |

ਗੁਰੂ ਅਰਜਨ ਸਾਹਿਬ ਨੇ ਇਸੇ ਮਹੀਨੇ ਸ਼ਹੀਦੀ ਦਾ ਜ਼ਾਮ ਸੀ ਪੀਤਾ,
ਓਸੇ ਰਸਤੇ ਤੇ ਚਲਦੇ ਸਿੰਘਾਂ ਵੀ ਆਪਣਾ ਫਰਜ਼ ਸੀ ਪੂਰਾ ਕੀਤਾ,
ਆਖਰੀ ਦਮ ਤੱਕ ਲੜੇ ਸੂਰਮੇ ਭਾਵੇਂ ਹੋ ਗਿਆ ਸਰੀਰ ਦਾ ਫੀਤਾ ਫੀਤਾ,
ਓਹਨਾ ਵੀਰਾਂ ਦੀ ਕੁਰਬਾਨੀ ਕਿਵੇਂ ਕੋਈ ਸਿੱਖ ਭੁੱਲ ਜਾਵੇ,
ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ |

ਚਾਰ ਜੂਨ ਨੂੰ ਭਾਰਤ ਸਰਕਾਰ ਨੇ ਜਿਹੜਾ ਅਕਾਲ ਤੱਖਤ ਸੀ ਢਾਇਆ,
ਓਹ ਜੁਲਮ ਨਾ ਕਿਸੇ ਵੀ ਸਿੱਖ ਤੋਂ ਜਾਣਾ ਕਦੇ ਭੁਲਾਇਆ,
ਮਰਨ ਤੋਂ ਨਾ ਇਹ ਡਰਦੇ ਕਦੇ ਵੀ ਕਿਉਂ ਇਹ ਹਾਲੇ ਵੀ ਨਾ ਸਮਝ ਆਇਆ,
ਇਸਨੂੰ ਵੱਡਾ ਭਾਗ ਓਹ ਸਮਝੇ ਦਰਬਾਰ ਸਾਹਿਬ ਵਿੱਚ ਜਿਹੜਾ ਸ਼ਹੀਦੀ ਪਾਵੇ,
ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ |

ਜਿਹੜੇ ਸਿੰਘਾਂ ਸ਼ਹੀਦੀ ਪਾਈ ਓਹ ਸਦਾ ਹੀ ਅਮਰ ਰਹਣਗੇ,
ਧੰਨ ਸਿੱਖ ਤੇ ਧੰਨ ਤੇਰੀ ਸਿੱਖੀ ਇਹ ਸਦਾ ਹੀ ਲੋਕ ਕਹਨਗੇ,
ਪਰ ਇਸ ਕੌਮ ਨੇ ਜੁਲਮ ਨਾ ਕਦੇ ਸਿਹਾ ਹੈ ਤੇ ਨਾ ਕਦੇ ਸਹਣਗੇ ,
‘ਗੋਲਡੀ’ ਭਿੰਡਰਾਵਾਲਿਆਂ ਦਾ ਚੇਹਰਾ ਕਿਉਂ ਨਾ ਮੇਰੀਆਂ ਅੱਖਾਂ ਅਗੋਂ ਜਾਵੇ,
 ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ |

Thursday, May 23, 2013

ਜੇ ਤੂੰ ਰੱਬ ਨੂੰ ਪਾਉਣਾ ਬੰਦਿਆ


ਜੇ ਤੂੰ ਰੱਬ ਨੂੰ ਪਾਉਣਾ ਬੰਦਿਆ ਫੜ੍ਹ ਲੈ ਗੁਰੂ ਦਾ ਪੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਅੱਜ ਇਸ ਦੁਨੀਆਂ ਵਿੱਚ ਕਈ ਸੰਤ ਮਹਾਂਪੁਰਸ਼ ਕਹਾਉਂਦੇ,
ਆਪਣਾ-ਆਪਣਾ ਨਾਮ ਦੇ ਕੇ ਚੇਲੇ ਪਏ ਬਣਾਉਂਦੇ,
ਲੱਖਾਂ ਦੇ ਚੜਾਵੇ ਚੜ੍ਹਦੇ ‘ਤੇ ਪੈਸਾ ਬੜਾ ਕਮਾਉਂਦੇ,
ਮੂਰਖ ਲੋਕੀ ਇਹਨਾਂ ਮਗਰ ਲੱਗ ਕੇ ਸਾਰਾ ਕੁੱਝ ਗਵਾਉਂਦੇ,
ਹਾਲੇ ਵੀ ਸੁਧਰ ਜਾ ਬੰਦਿਆ ਕਿਉਂ ਹੋਇਆ ਫਿਰਦਾਂ ਝੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।

ਕੋਈ ਕਹਿੰਦਾ ਮਾਲਾ ਫੇਰਨ ਨੂੰ ‘ਤੇ ਕੋਈ ਜਪਾਵੇ ਨਾਮ,
ਕੋਈ ਕਹੇ ਦੁੱਖ ਭੰਜਨੀ ਪੜ੍ਹ ਲਾ ਮਿਲ ਜਾਊ ਦੁੱਖਾਂ ਤੋਂ ਆਰਾਮ,
ਕੋਈ ਕਹੇ ਬੱਸ ਇੱਕ ਸੰਪਟ ਪਾਠ ਕਰਾਲਾ ਹੋ ਜਾਊ ਤੇਰਾ ਕਾਮ,
ਜਿੰਨੇ ਬਾਬੇ ਓਨੇ ਤਰੀਕੇ ਲੁੱਟਣ ਸਵੇਰੇ ਸ਼ਾਮ,
ਕਿਸੇ ਨਹੀਂ ਨਿਭਣਾ ਨਾਲ ਤੇਰੇ, ਤੂੰ ਰਹਿ ਜਾਵੇਂਗਾ ਕੱਲਾ ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਗੁਰਬਾਣੀ ਕੋਈ ਮੰਤਰ ਨਹੀਂ ਹੈ, ਜੀਵਨ ਜਾਚ ਸਿਖਾਵੇ,
ਇਹਨੂੰ ਸਮਝ ਕੇ ਹਰ ਇੱਕ ਬੰਦਾ ਸਹੀ ਰਸਤੇ ਤੇ ਆਵੇ,
ਵਕਾਰਾਂ ਤੋਂ ਖਲਾਸੀ ਪਾ ਕੇ ਰੱਬੀ ਗੁਣ ਅਪਣਾਵੇ,
ਇੱਕ ਸਚਿਆਰਾ ਮਨੁੱਖ ਬਨਣ ਦਾ ਰਸਤਾ ਇਸਤੋਂ ਪਾਵੇ,
ਗੋਲਡੀ ਗੁਰੂ ਦੀ ਬਾਣੀ ਨੂੰ ਧਾਰ ਲੈ ਅੰਦਰ, ਛੱਡੀਂ ਨਾ ਇਹਦਾ ਪੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।

Tuesday, May 14, 2013

ਰੱਬ ਕਿੱਥੇ ਹੈ ?



ਰੱਬ ਕਿੱਥੇ ਹੈ ?
ਕੋਈ ਲੱਭੇ ਓਹਨੂੰ ਗੁਰਦਵਾਰੇ ਤੇ ਕੋਈ ਲੱਭਦਾ ਸਾਧ ਦੇ ਡੇਰੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|

ਕੋਈ ਲਭੇ ਓਹਨੂੰ ਜੰਗਲਾਂ ਦੇ ਵਿੱਚ ਤੇ ਕੋਈ ਲਭਦਾ ਮਸੀਤੇ,
ਕੋਈ ਕਹੰਦਾ ਓਹਨੂੰ ਪਾਉਣ ਲਈ ਆਹ ਆਹ ਕੰਮ ਮੈ ਕੀਤੇ,
ਕਈਆਂ ਨੇ ਤਾਂ ਓਹਨੂੰ ਪਾਉਣ ਲਈ ਪੈਰ ਵੀ ਧੋ ਧੋ ਪੀਤੇ,
ਕੋਈ ਮੜੀਆਂ ਤੇ ਦੀਵੇ ਜਗਾਵੇ ਤੇ ਕੋਈ ਮਾਲਾ ਫੇਰੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|

ਬਾਣੀ ਪੜ ਪੜ ਜਨਮ ਗਵਾਇਆ ਪਰ ਗੁਰੂ ਦੀ ਮੱਤ ਨਹੀਂ ਪਾਈ,
ਗਿਣਤੀਆਂ ਮਿਣਤੀਆਂ ਵਿੱਚ ਪੈ ਕੇ ਤੂੰ ਸਾਰੀ ਉਮਰ ਗਵਾਈ,
ਰੱਬ ਨੂੰ ਪਾਉਣ ਵਾਸਤੇ ਬੰਦਿਆ ਤੂੰ ਕਿਹੜੀ ਵਾਹ ਨਹੀਂ ਲਾਈ,
ਤੀਰਥ ਨਾਤੇ,ਮੱਥੇ ਟੇਕੇ ਹਰ ਗੁਰਦਵਾਰੇ ਦੇ ਲਾਏ ਗੇੜੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|

ਰੱਬ ਨੂੰ ਪਾਉਣ ਦਾ ਇੱਕੋ ਤਰੀਕਾ ਸੱਚ ਦਾ ਰਸਤਾ ਫੱੜਨਾ,
ਰੱਬੀ ਗੁਣਾ ਨੂੰ ਧਾਰ ਕੇ ਅੰਦਰ ਵਿਕਾਰਾਂ ਨੂੰ ਬਾਹਰ ਕਰਨਾ,
  ਸਬਦਿ ਮਰਹੁ ਫਿਰਿ ਜੀਵਹੁ ਸਦ ਹੀ” ਕਹੇ ਅਨੁਸਾਰ ਮਰਨਾ,
“ਗੋਲਡੀ” ਰੱਬ ਨੂੰ ਪਾਉਣ ਲਈ ਬੰਦਾ ਓਦਾਂ ਕਰਦਾ ਯਤਨ ਬਥੇਰੇ,

ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|
 


“ਵਾਹਿਗੁਰੂ”



“ਵਾਹਿਗੁਰੂ”
ਅੱਜ “ਵਾਹਿਗੁਰੂ” ਸ਼ਬਦ ਸਿੱਖ ਪੰਥ ਵਿੱਚ ਅਕਾਲਪੁਰਖ ਵਾਸਤੇ ਵਰਤਿਆ ਜਾਂਦਾ ਹੈ, ਸਿੱਖ ਜਦੋਂ ਸਿੱਖ ਨਾਲ ਫਤਹਿ ਸਾਂਝੀ ਕਰਦਾ ਹੈ ਤਾਂ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਕਹੰਦਾ ਹੈ| ਨਾਮ ਸਿਮਰਨ ਦੇ ਨਾਮ ਤੇ ਵੀ ਸ਼ਾਇਦ ਸੱਭ ਤੋਂ ਜਿਆਦਾ “ਵਾਹਿਗੁਰੂ – ਵਾਹਿਗੁਰੂ” ਦਾ ਹੀ ਜਾਪ ਕੀਤਾ ਜਾਂਦਾ ਹੈ| ਆਓ ਇਸ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰੀਏ :-
ਵਾਹਿਗੁਰੂ ਸ਼ਬਦ ਵਾਹਿ + ਗੁਰੂ  ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, “ਵਾਹਿ” ਫਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ “ਗੁਰੂ” ਸੰਸਕ੍ਰਿਤ ਦਾ ਸ਼ਬਦ ਹੈ| ਫਾਰਸੀ ਅਤੇ ਸੰਸਕ੍ਰਿਤ ਦੇ ਇਸ ਸੁੰਦਰ ਸੁਮੇਲ ਤੋਂ ਬਣੇ ਸ਼ਬਦ ਨੂੰ ਭੱਟ ਗਯੰਦ ਨੇ ੧੩ ਵਾਰ ਵਰਤਿਆ ਹੈ:-
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥
ਪਦ ਛੇਦ ਕਰਦੇ ਸਮੇ ਦੋਵਾਂ ਸ਼ਬਦਾਂ ਨੂੰ ਜੋੜ ਦਿੱਤਾ ਗਿਆ ਜਿਸ ਕਰਕੇ ਇਸ ਤਰਾਂ ਲਗਦਾ ਹੈ ਜਿਵੇਂ ਇੱਕੋ ਭਾਸ਼ਾ ਦਾ ਸ਼ਬਦ ਹੋਵੇ ਨਹੀਂ ਤਾਂ “ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥“ ਵਿੱਚ ਵੀ ਕੋਈ ਹਰਜ਼ ਨਹੀਂ ਸੀ| ਇਸ ਤੋਂ ਇਲਾਵਾ ਭੱਟ ਗਯੰਦ ਜੀ ਨੇ “ਵਾਹਗੁਰੂ” ਜਾਂ “ਵਾਹ ਗੁਰੂ” ਵੀ ਵਰਤਿਆ ਹੈ | ਭੱਟ ਗਯੰਦ ਜੀ ਨੇ ਇਹ ਸ਼ਬਦ ਹਰ ਵਾਰ ਗੁਰੂ ਰਾਮ ਦਾਸ ਜੀ ਵਾਸਤੇ ਹੀ ਵਰਤੇ ਹਨ|
ਗੁਰਬਾਣੀ ਵਿੱਚ “ਵਾਹੁ ਵਾਹੁ” ਕੋਈ ੭੦ ਵਾਰ ਆਇਆ ਹੈ ਜਿਸ ਦਾ ਅਰਥ ਤਕਰੀਬਨ ਹਰ ਵਾਰ ਧੰਨ ਧੰਨ ਹੈ ਜਾਂ ਪ੍ਰਮਾਤਮਾ ਦੀ ਸਿਫਤ ਸਲਾਹ ਹੈ|
ਸਲੋਕੁ ਮਃ ੩ ॥
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥
ਅਰਥ: ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੈ, ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) 'ਵਾਹੁ ਵਾਹੁ' ਅਖਵਾਂਦਾ ਹੈ (ਭਾਵ, ਸਿਫ਼ਤਿ-ਸਾਲਾਹ ਕਰਾਂਦਾ ਹੈ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ।
ਹੇ ਨਾਨਕ! (ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤਿ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ।੧।
ਭਾਈ ਗੁਰਦਾਸ ਜੀ ਦੀ ਇੱਕ ਪੋੜੀ ਦੀ ਇੱਕ ਪੰਗਤੀ ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ ਦਾ ਗਲਤ ਅਰਥ ਕੱਡ ਕੇ ਵਾਹਿਗੁਰੂ ਸ਼ਬਦ ਦਾ ਤੋਤਾ ਰੱਟਣ ਹੁੰਦਾ ਆਮ ਹੀ ਦੇਖਿਆ ਜਾ ਸਕਦਾ| ਗੁਰਦਵਾਰਿਆਂ ਵਿੱਚ ਚਲਦੇ ਸ਼ਬਦ ਨੂੰ ਜਦੋਂ ਮਰਜ਼ੀ ਰੋਕ ਕੇ ਗੁਰੂ ਦੇ ਕੀਰਤਨੀਏ “ਵਾਹੇਗੁਰੂ ਵਾਹੇਗੁਰੂ” ਦਾ ਜਾਪ ਸ਼ੁਰੂ ਕਰ ਦੇਂਦੇ ਹਨ| ਜਿਹੜਾ ਸ਼ਬਦ ਚੱਲ ਰਿਹਾ ਹੁੰਦਾ ਹੈ ਉਸ ਨਾਲੋਂ ਸੰਗਤ ਦਾ ਲਿੰਕ ਬਿਲਕੁਲ ਟੁੱਟ ਜਾਂਦਾ ਹੈ| ਕਈ ਗੁਰਦਵਾਰਿਆਂ ਵਿੱਚ ਬਤੀਆਂ ਬੁਝਾ ਕੇ “ਵਾਹੇਗੁਰੂ” ਦਾ ਜਾਪ ਕੀਤਾ ਜਾਂਦਾ ਹੈ ਅਤੇ ਦੋ ਤਿਨ ਘੰਟੇ ਦੇ ਜਾਪ ਮਗਰੋਂ ਜਿਹੋ ਜਏ ਗਏ ਸੀ ਓਹੋ ਜਿਹੇ ਹੀ ਵਾਪਸ ਆ ਜਾਂਦੇ ਹਾਂ ਕੁਝ ਵੀ ਸਿਖ ਕੇ ਨਹੀਂ ਆਉਂਦੇ| ਗੁਰਮੰਤਰ ਦਾ ਅਸਲੀ ਅਰਥ ਹੈ ਗੁਰੂ ਦਾ ਗਿਆਂਨ ਲੈਣਾ, ਗੁਰੂ ਦੇ ਸ਼ਬਦ ਨੂੰ ਸਮਝ ਕੇ ਆਪਣੀ ਜਿੰਦਗੀ ਵਿੱਚ ਵਸਾਉਣਾ | ਵਾਹੇਗੁਰੂ ਕਹਨ ਵਿੱਚ ਕੋਈ ਹਰਜ਼ ਨਹੀਂ ਪਰ ਜਦੋਂ ਓਹ ਵਾਹੇਗੁਰੂ ਤੁਹਾਡੇ ਅੰਦਰੋਂ ਆਪਣੇ ਆਪ ਨਿਕਲੇ ਉਸ ਦੀ ਕੁਦਰਤ ਦੇਖ ਕੇ| ਕੋਈ ਨਵਾਂ ਫੋਨ ਜਾਂ ਨਵਾਂ ਕੰਪਿਊਟਰ ਦੇਖਦੇ ਹਾਂ ਤਾਂ ਆਪਣੇ ਆਪ ਮੂੰਹ ਵਿਚੋਂ ਨਿਕਲਦਾ ਹੈ ਵਾਹ! ਬੱਸ ਏਹੀ ਅਸਲੀ ਵਡਿਆਈ ਹੈ ਉਸ ਵਾਹੇਗੁਰੂ ਜਾਂ ਅਕਾਲਪੁਰਖ ਦੀ | ਉਸ ਨੂੰ ਰਾਮ ਕਹੋ, ਪ੍ਰਮਾਤਮਾ ਕਹੋ, ਅਕਾਲਪੁਰਖ ਕਹੋ, ਅੱਲਾ ਕਹੋ, ਜਾਂ ਵਾਹੇਗੁਰੂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਬੱਸ ਉਸ ਦੇ ਨਿਯਮ ਵਿੱਚ ਚਲਦੇ ਰਹੋ ਅਤੇ ਉਸ ਦੀ ਕੁਦਰਤ ਨੂੰ ਪਿਆਰ ਕਰੋ|
ਉਸ ਅਕਾਲਪੁਰਖ ਨੂੰ ਬਾਰ ਬਾਰ ਯਾਦ ਕਰਕੇ “ਵਾਹਿਗੁਰੂ” ਜਾਂ “ਵਾਹਗੁਰੂ” ਜਾਂ “ਵਾਹੁ ਗੁਰੂ” ਕਹਨ ਵਿੱਚ ਕੋਈ ਹਰਜ਼ ਨਹੀਂ ਹੈ ਪਰ ਇਸ ਗਲ ਨੂੰ ਕਦੇ ਨਾ ਭੁਲਾਈਏ ਕੇ ਜਿਸ ਨੂੰ ਯਾਦ ਕਰ ਰਹੇ ਹਾਂ, ਕੀ ਅਸੀਂ ਉਸ ਦੀ ਕੁਦਰਤ ਨੂੰ ਵੀ ਓਨਾ ਹੀ ਪਿਆਰ ਕਰਦੇ ਹਾਂ? ਕੀ ਅਸੀਂ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਦਾ ਯਤਨ ਕਰ ਰਹੇ ਹਾਂ? ਕੀ ਅਸੀਂ ਆਪਣੇ ਆਪ ਨੂੰ ਸਚਿਆਰਾ ਮਨੁੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਅਸੀਂ ਰਬ ਦੇ ਦੈਵੀ ਗੁਣਾ ਨੂੰ ਆਪਣੇ ਅੰਦਰ ਧਾਰਣ ਦੀ ਕੋਸ਼ਿਸ਼ ਕਰ ਰਹੇ ਹਾਂ? ਜੇ ਹਾਂ ਤਾਂ ਉਸ ਅਕਾਲਪੁਰਖ ਦੀ “ਵਾਹੇ” ਕਹਨੀ ਬਣਦੀ ਹੈ|
  “ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ”
.ਵਰਿੰਦਰ ਸਿੰਘ (ਗੋਲਡੀ)