Wednesday, May 8, 2013

ਗੁਰ ਪ੍ਰਸਾਦਿ



ਗੁਰ ਪ੍ਰਸਾਦਿ
ਆਮ ਭਾਸ਼ਾ ਵਿੱਚ “ਗੁਰ ਪ੍ਰਸਾਦਿ” ਦੇ ਅੱਖਰੀ ਅਰਥ ਬਣਦੇ ਹਨ ਕ੍ਰਿਪਾ ਨਾਲ ਜਾਂ ਕ੍ਰਿਪਾ ਸਦਕਾ | ਸੁਖਮਨੀ ਸਾਹਿਬ ਦੀ ਛੇਵੀਂ ਅਸ਼ਟਪਦੀ “ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ” ਵਿੱਚ ਬਾਰ ਬਾਰ “ਪ੍ਰਸਾਦਿ” ਲਫਜ਼ ਆਉਂਦਾ ਹੈ ਅਤੇ ਹਰ ਵਾਰ ਇਸ ਦਾ ਮਤਲਬ ਮੇਹਰ, ਕਿਰਪਾ, ਜਾਂ ਬਕਸ਼ਿਸ਼ ਹੀ ਹੈ | ਪਰ ਸੋਚਣ ਵਾਲੀ ਗਲ ਇਹ ਹੈ ਕੇ ਇਹ ਮੇਹਰ ਜਾਂ ਕਿਰਪਾ ਹੁੰਦੀ ਕਿਸ ਉਤੇ ਹੈ ? ਕੀ ਰਬ ਜੀ ਕੋਲ ਕੋਈ ਫਾਰਮੂਲਾ ਹੈ ਕਿਰਪਾ ਦੇਣ ਦਾ ਜਾਂ ਵੈਸੇ ਹੀ “ਉੱਕੜ ਦੁੱਕੜ ਭੰਬਾ ਭੋ” ਕਰਕੇ ਕਿਸੇ ਤੇ ਵੀ ਮੇਹਰ ਕਰ ਦੇਂਦੇ ਹਨ | ਤੇ ਜੇ ਇਸ ਤਰਾਂ ਹੁੰਦਾ ਹੈ ਤਾਂ ਓਹ ਨਿਰਵੈਰ ਕਿਵੇਂ ਰਹ ਗਿਆ ਕੇ ਇੱਕ ਉਤੇ ਕਿਰਪਾ ਕਰੇ ਅਤੇ ਦੁਜੇ ਉਤੇ ਨਾ ਕਰੇ | ਕਿਸ ਤਰਾਂ ਹੁੰਦੀ ਹੈ ਇਹ ਕਿਰਪਾ ? ਅੱਜ ਕੱਲ ਦੇ ਪਾਖੰਡੀ ਬਾਬੇ ਤਾਂ ਇਹ ਕਿਰਪਾ ਥੋਕ ਵਿੱਚ ਵੰਡੀ ਜਾ ਰਹੇ ਹਨ | ਕੋਈ ਕਹੰਦਾ ਐਨੇ ਪਾਠ ਕਰੋ ਤਾਂ ਕਿਰਪਾ ਹੋਊ, ਕੋਈ ਕਹੰਦਾ ਐਨੀਆਂ ਮਸਿਆ ਜਾਂ ਪੂਰਨਮਾਸ਼ੀਆਂ ਨਹਾਓ ਤਾਂ ਕਿਰਪਾ ਹੋਊ, ਮੈ ਤਾਂ ਹੈਰਾਨ ਰਹ ਗਿਆ ਇਕ ਬਾਬਾ ਤਾਂ ਟੀਵੀ ਉਤੇ ਗੋਲਗੱਪੇ ਅਤੇ ਸਮੋਸੇ ਖਵਾ ਕੇ ਹੀ ਕਿਰਪਾ ਕਰਵਾਈ ਜਾ ਰਿਹਾ ਹੈ ਅਤੇ ਲੋਕ ਲੱਖਾਂ ਦੀ ਗਿਣਤੀ ਵਿੱਚ ਇਹ ਕਮ ਕਰੀ ਜਾ ਰਹੇ ਹਨ | ਆਓ ਗੁਰੂ ਤੋਂ ਪੁਛੀਏ ਕੇ ਕਿਰਪਾ ਕਿਸ ਤਰਾਂ ਹੁੰਦੀ ਹੈ, ਵੈਸੇ ਤਾਂ ਅਨੇਕਾਂ ਵਾਰ ਗੁਰਪ੍ਰਸਾਦਿ ਦੇ ਬਾਰੇ ਵਿੱਚ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਆਏ ਹਨ ਪਰ ਚੱਲੋ ਜਪੁਜੀ ਵਿਚੋਂ ਹੀ ਗੁਰਪ੍ਰਸਾਦਿ ਦੀ ਵਿਆਖਿਆ ਲੱਭਣ ਦਾ ਜਤਨ ਕਰੀਏ
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਦੂਸਰੀ ਪੌੜੀ ਦੀਆਂ ਇਹਨਾ ਦੋ ਤੁਕਾਂ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕੇ ਆਪਣੇ ਕੀਤੇ ਕਰਮਾ ਅਨੁਸਾਰ ਹੀ ਮਨੁੱਖ ਦੁੱਖ ਅਤੇ ਸੁੱਖ ਪਾਂਦਾ ਹੈ| ਉਸੇ ਅਨੁਸਾਰ ਹੀ ਕਿਸੇ ਉਤੇ ਬਖਸ਼ੀਸ਼ ਹੋ ਜਾਂਦੀ ਹੈ ਅਤੇ ਕੋਈ ਭਾਉਂਦਾ ਰਹੰਦਾ ਹੈ | ਐਥੇ “ਲਿਖਿ” ਸ਼ਬਦ ਨੂ ਸਮਝਨਾ ਬਹੁਤ ਜਰੂਰੀ ਹੈ “ਲਿਖਿ ਦਾ ਮਤਲਬ ਹੈ ਕੀਤੇ ਕਰਮਾ ਦਾ ਹਿਸਾਬ |
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਜਪੁਜੀ ਦੀ ਚੋਥੀ ਪੌੜੀ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕੇ ਉਸ ਨੂ ਕੁਝ ਵੀ ਦੇ ਕੇ ਖੁਸ਼ ਨਹੀਂ ਕੀਤਾ ਜਾ ਸਕਦਾ ਕਿਉਂਕੇ ਸਾਰਾ ਕੁਝ ਤਾਂ ਉਸੇ ਦਾ ਦਿੱਤਾ ਹੋਇਆ ਹੈ | ਇਸ ਵਾਸਤੇ ਉਸ ਦੀ ਨਦਰ ਪਾਉਣੀ ਹੈ ਤਾਂ ਉਸ ਦੀ ਬੋਲੀ ਵਿੱਚ ਹੀ ਪਾਈ ਜਾ ਸਕਦੀ ਹੈ ਅਤੇ ਓਹ ਬੋਲੀ ਹੈ ਪ੍ਰੇਮ ਦੀ, ਉਸ ਦੀ ਸਿਫਤ ਸਲਾਹ ਦੀ, ਉਸ ਦਾ ਸ਼ਬਦ ਵਿਚਾਰਨ ਦੀ, ਉਸ ਦੀਆਂ ਵਡਿਆਈਆਂ ਕਰਨ ਦੀ|

ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ
ਸਾਡੀ ਸੱਭ ਤੋਂ ਵੱਡੀ ਸਮਸਿਆ ਅੱਜ ਇਹ ਹੈ ਕੇ ਅਸੀਂ ਹਰ ਚੀਜ਼ ਨੂ ਦੁਨਿਆਵੀ ਨਜ਼ਰੀਏ ਨਾਲ ਹੀ ਵੇਖਦੇ ਹਾਂ ਜੇ ਕਿਸੇ ਕੋਲ ਚੰਗਾ ਘਰ ਹੈ, ਚੰਗੀ ਕਾਰ ਹੈ, ਚੰਗੀ ਨੌਕਰੀ ਹੈ, ਬਹੁਤ ਪੈਸਾ ਹੈ, ਸ਼ਾਨੋ ਸ਼ੋਕਤ ਹੈ ਤਾਂ ਅਸੀਂ ਸਮਝਦੇ ਹਾਂ ਕੇ ਇਸ ਉਤੇ ਰਬ ਜੀ ਦੀ ਬਹੁਤ ਕਿਰਪਾ ਹੈ | ਇਸ ਪੌੜੀ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਕੇ ਕੋਈ ਕਿਨਾ ਵੀ ਵੱਡਾ ਕਿਉਂ ਨਾ ਬਣ ਜਾਵੇ, ਜਿਨੇ ਮਰਜ਼ੀ ਲੋਕ ਪਿਛੇ ਲਾ ਲਵੇ, ਜਿਨਾ ਮਰਜ਼ੀ ਵੱਡਾ ਨਾਮ ਬਣਾ ਲਵੇ ਪਰ ਉਸ ਦੀ ਨਦਰ ਤੋਂ ਬਿਨਾ ਇਕ ਮਮੂਲੀ ਜਿਹਾ ਕੀੜਾ ਹੈ ਅਤੇ ਦੋਸ਼ੀ ਹੀ ਬਣਦਾ ਹੈ |
ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥
ਵੀਹਵੀਂ ਪੌੜੀ ਵਿੱਚ ਫਿਰ ਗੁਰੂ ਸਾਹਿਬ ਪਹਲੀ ਅਤੇ ਦੂਜੀ ਪੌੜੀ ਵਿੱਚ ਕਹੀ ਗਲ ਦੀ ਪੁਸ਼ਟੀ ਕਰਦੇ ਹਨ ਕੇ ਪੁੰਨ ਅਤੇ ਪਾਪ ਸਿਰਫ ਕਹਨ ਦੀ ਗਲ ਨਹੀਂ ਹੈ, ਜਿਸ ਤਰਾਂ ਦਾ ਮਨੁੱਖ ਕਮ ਕਰੇਗਾ ਉਸੇ ਤਰਾਂ ਦਾ ਫਲ ਪਵੇਗਾ | ਜਿਸ ਤਰਾਂ ਦਾ ਮਨੁੱਖ ਬੀਜਦਾ ਹੈ ਉਸੇ ਤਰਾਂ ਦਾ ਹੀ ਫਲ ਪਾਉਂਦਾ ਹੈ |
ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥
ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥
ਜਪੁਜੀ ਦੀ ੩੪ਵੀਂ ਪੌੜੀ ਜਿਸ ਨੂ ਖੰਡਾਂ ਵਾਲੀਆਂ ਪੌੜੀਆਂ ਵੀ ਕਿਹਾ ਜਾਂਦਾ ਹੈ | ਇਹ ਚਾਰ ਪੌੜੀਆਂ ਬਹੁਤ ਵਿਚਾਰਨ ਵਾਲੀਆਂ ਹਨ | ਇਹਨਾ ਵਿਚੋਂ ਸਾਨੂ ਸਚਖੰਡ ਤੱਕ ਪਹੁੰਚਣ ਦਾ ਰਸਤਾ ਮਿਲਦਾ ਹੈ ਅਤੇ ਪਹਲੀ ਹੀ ਪੌੜੀ ਜਿਸਨੂ ਧਰਮ ਖੰਡ ਵਾਲੀ ਪੌੜੀ ਕਹੰਦੇ ਹਾਂ ਅਤੇ ਸਚਖੰਡ ਤੱਕ ਪਹੁੰਚਣ ਦੀ ਪਹਲੀ ਅਵਸਥਾ ਹੈ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕੇ ਮਨੁੱਖ ਦੇ ਕੀਤੇ ਕਰਮਾ ਅਨੁਸਾਰ ਹੀ ਉਸ ਅਕਾਲਪੁਰਖ ਦੀ ਨਦਰ ਜਾਂ ਮੇਹਰ ਹੁੰਦੀ ਹੈ |
ਧਰਮ ਖੰਡ ਦੀ ਅਵਸਥਾ ਵਿਚ ਮਨੁੱਖ ਨੂ ਸਮਝ ਆਉਂਦੀ ਹੈ ਕੇ ਉਸ ਦਾ ਸੰਸਾਰ ਤੇ ਆਉਣ ਦਾ ਮਨੋਰਥ ਕੀ ਹੈ | ਓਹ ਮਾਇਆ ਦੇ ਬੰਧਨਾ ਤੋਂ ਮੁਕਤ ਹੋ ਕੇ ਸੱਚਾ ਸੁੱਚਾ ਜੀਵਨ ਜਿਉਣ ਲਗ ਪੈਂਦਾ ਹੈ ਅਤੇ ਸਮਝ ਜਾਂਦਾ ਹੈ ਕੇ ਦੁਨਿਆਵੀ ਆਦਰ ਜਾਂ ਵਡਿਆਈਆਂ ਉਸ ਦੇ ਦਰ ਤੇ ਕੋਈ ਅਹਮੀਅਤ ਨਹੀਂ ਰਖਦੇ| ਓਹ ਸ਼ਬਦ ਗੁਰੂ ਨਾਲ ਜੁੜ ਕੇ ਗਿਆਂਨ ਹਾਸਲ ਕਰਦਾ ਹੈ ਅਤੇ ਭਰਮਾ ਭੁਲੇਖਿਆਂ ਵਿਚੋਂ ਨਿਕਲ ਜਾਂਦਾ ਹੈ ਅਤੇ ਗਿਆਂਨ ਦਾ ਅਨੰਦ ਮਾਨਣ ਲਗ ਪੈਂਦਾ ਹੈ | ਇਸ ਅਵਸਥਾ ਦਾ ਨਾਮ ਗਿਆਂਨ ਖੰਡ ਹੈ |
ਜਦੋਂ ਮਨੁੱਖ ਨੂੰ ਗਿਆਂਨ ਆ ਜਾਂਦਾ ਹੈ ਅਤੇ ਭਲੇ ਬੁਰੇ ਦੀ ਪਹਚਾਨ ਕਰਨ ਲਗ ਪੈਂਦਾ ਹੈ ਤਾਂ ਬਾਣੀ ਦੀ ਵਿਚਾਰ ਉਸ ਨੂ ਉਦਮ ਵੱਲ ਪ੍ਰੇਰਦੀ ਹੈ ਅਤੇ ਓਹ ਆਪਣੇ ਜੀਵਨ ਵਿੱਚ ਅਨੁਸ਼ਾਸ਼ਨ ਲੈ ਕੇ ਆਉਂਦਾ ਹੈ | ਮਾੜੀਆਂ ਆਦਤਾਂ ਦਾ ਤਿਆਗ ਕਰਦਾ ਹੈ ਅਤੇ ਚੰਗੀਆਂ ਆਦਤਾਂ ਧਾਰਣ ਕਰਦਾ ਹੈ | ਜਿਉਂ ਜਿਉਂ ਓਹ ਮੇਹਨਤ ਕਰਦਾ ਹੈ ਓਹ ਉਚੇ ਸੰਸਕਾਰਾਂ ਵਾਲਾ ਬਣ ਜਾਂਦਾ ਹੈ ਅਤੇ ਉਸ ਦੀ ਘਾੜਤ ਬਹੁਤ ਹੀ ਸੁੰਦਰ ਬਣ ਜਾਂਦੀ ਹੈ ਇਸ ਅਵਸਥਾ ਨੂੰ ਸਰਮ ਖੰਡ ਕਿਹਾ ਗਿਆ ਹੈ |
ਜਦੋਂ ਮਨੁੱਖ ਇਸ ਸਟੇਜ ਤੇ ਪਹੁੰਚਦਾ ਹੈ ਤਾਂ ਫਿਰ ਉਸ ਉਤੇ ਗੁਰੂ ਦੀ ਮੇਹਰ ਹੋ ਜਾਂਦੀ ਹੈ ਅਤੇ ਓਹ ਉਸ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ | ਇਸ ਸਟੇਜ ਦਾ ਨਾਮ ਕਰਮ ਖੰਡ ਹੈ |
ਪਰ ਅਸੀਂ ਤਾਂ ਪਹਲੀ ਸਟੇਜ ਤੇ ਜਾਣ ਤੋਂ ਵੀ ਪਹਲਾਂ ਉਸ ਦੀ ਮੇਹਰ ਜਾਂ ਬਖਸ਼ੀਸ਼ ਭਾਲਦੇ ਹਾਂ ! ਪਹਲਾਂ ਆਪਣੇ ਆਪ ਨੂ ਇਸ ਲਾਇਕ ਬਣਾਓ ਫਿਰ ਵੇਖੋ ਕਿਵੇਂ ਉਸ ਦੀ ਮੇਹਰ ਹੁੰਦੀ ਹੈ | ਬਾਬਿਆਂ ਦੇ ਡੇਰਿਆਂ ਤੇ ਮੱਥੇ ਰਗੜਨ ਨਾਲ ਜਾਂ ਗਿਣਤੀ ਮਿਣਤੀ ਦੇ ਪਾਠ ਕਰਨ ਨਾਲ ਗੁਰਪ੍ਰਸਾਦਿ ਨਹੀਂ ਮਿਲਣਾ ਇਹ ਤਾਂ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਹੀ ਮਿਲਣਾ ਹੈ |

No comments:

Post a Comment