Thursday, June 27, 2013



ਇਕ ਓਂਕਾਰ, ਜਾਂ ਇਕ ਓਅੰਕਾਰ, ਜਾਂ ਏਕੰਕਾਰ, ਤੇ ਜਾਂ ਫਿਰ ਇਕੋ ਇਸ ਨੂੰ ਜਿਸ ਤਰਾਂ ਮਰਜ਼ੀ ਉਚਾਰਣ ਕਰ ਲਈਏ ਪਰ ਇਸ ਦਾ ਮਤਲਬ ਓਹੀ ਰਹੇਗਾ ਕੇ ਪ੍ਰਮਾਤਮਾ ਇੱਕ ਹੈ ਅਤੇ ਇੱਕ ਰਸ ਵਿਆਪਕ ਹੈ| ਗੁਰੂ ਨਾਨਕ ਸਾਹਿਬ ਨੇ ਓਅੰ ਦੇ ਅੱਗੇ ਇੱਕ ਲਾ ਕੇ ਮਨੁਖਤਾ ਨੂੰ ਇੱਕ ਨਵੀਂ ਰਾਹ ਦਿਖਾਈ, ਉਸ ਤੋਂ ਪਹਲਾਂ ਲੋਕ ਆਪਣੇ ਆਪਣੇ ਰਬ ਬਣਾ ਕੇ ਕੇ ਬਹੁਤ ਸਾਰੀਆਂ ਚੀਜਾਂ ਦੀ ਪੂਜਾ ਕਰ ਰਹੇ ਸਨ| ਪਰ ਕੀ ਅੱਜ ਹਰ ਰੋਜ਼ ਇਕ ਓਅੰਕਾਰ ਦਾ ਪਾਠ ਕਰਨ ਵਾਲੇ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਕਹਾਉਣ ਵਾਲੇ ਇਕ ਓਅੰਕਾਰ ਦਾ ਸਹੀ ਮਤਲਬ ਸਮਝ ਸਕੇ ਹਨ| ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ  ੴ ਸ਼ਬਦ ੫੬੮ ਵਾਰ ਆਇਆ ਹੈ, ਐਨੀ ਵਾਰ ਲਿਖਣ ਦਾ ਸਿਰਫ ਏਹੀ ਮਤਲਬ ਹੈ ਕੇ ਸਿੱਖ ਨੁ ਇਹ ਚੰਗੀ ਤਰਾਂ ਸਮਝ ਆ ਜਾਵੇ ਕੇ ਪ੍ਰਮਾਤਮਾ ਇੱਕ ਹੈ ਅਤੇ ਇੱਕ ਰਸ ਵਿਆਪਕ ਹੈ|
ਅੱਜ ਬਹੁਤ ਸਾਰੇ ਧਰਮ ਇਸ ਗਲ ਦਾ ਦਾਵਾ ਕਰਦੇ ਹਨ ਕੇ ਰਬ ਇੱਕ ਹੈ (God is One). ਪਰ ਕੀ ਇਸ ਗਲ ਤੇ ਅਮਲ ਵੀ ਕਰਦੇ ਹਨ ? ਕੀ ਸਿੱਖ ਇਸ ਗਲ ਤੇ ਅਮਲ ਕਰਦਾ ਹੈ ? ਅੱਜ ਪੰਜਾਬ ਵਿੱਚ ਆਪਣੇ ਆਪ ਨੂੰ ਰਬ ਕਹਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਅਤੇ ਓਹਨਾ ਨੂੰ ਰਬ ਮੰਨਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ, ਸਰਸੇ ਵਾਲਾ ਸਾਧ, ਆਸ਼ੁਤੋਸ਼, ਰਾਧਾ ਸਵਾਮੀ, ਇਹ ਤਾਂ ਆਪਣੇ ਆਪ ਨੂੰ ਸਤਗੁਰੁ ਰਬ ਕਹਾਉਂਦੇ ਹੀ ਹਨ ਪਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਰਬ ਕਹਾਉਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ| ਅੱਜ ਬਹੁਤ ਸਾਰੇ ਸਿੱਖ ਇਸ ਗਲ ਨੂੰ ਮੰਨਦੇ ਹਨ ਕੇ ਮਰਨ ਤੋਂ ਬਾਹਦ ਤੁਸੀ ਪ੍ਰਮਾਤਮਾ ਕੋਲ ਜਾਂਦੇ ਹੋ ਜਿਥੇ ਤੁਹਾਡੇ ਚੰਗੇ ਮਾੜੇ ਕਰਮਾ ਦਾ ਹਿਸਾਬ ਹੁੰਦਾ ਹੈ| ਫਿਰ ਓਹ ਇੱਕ ਕਿਵੇਂ ਰਹ ਗਿਆ ਅਸੀਂ ਤਾਂ ਉਸ ਨੂੰ ਦੋ ਬਨਾਈ ਬੈਠੇ ਹਾਂ, ਇੱਕ ਜਿਹੜਾ ਐਥੇ ਹੈ ਅਤੇ ਇੱਕ ਜਿਹੜਾ ਸਚਖੰਡ ਵਿੱਚ ਹੈ| ਭਾਵੇਂ ਇਹ ਗਲ ਗੁਰਬਾਣੀ ਬਾਰ ਬਾਰ ਕਹ ਰਹੀ ਹੈ ਕੇ “ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ।।“ ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ, ਸਾਨੂੰ ਤਾਂ ਸਾਡਾ ਰਬ ਜਿਆਦਾ ਪਿਆਰਾ ਹੈ ਦੂਜਿਆਂ ਦੇ ਰਬ ਨਾਲੋਂ|
ਭਾਵੇਂ ਓਹ ਹਰ ਜਗਾਹ ਇੱਕ ਰਸ ਵਿਆਪਕ ਹੈ ਪਰ ਉਸ ਨੂੰ ਸਮਝਣ ਅਤੇ ਦੇਖਣ ਵਾਸਤੇ ਗੁਰੂ ਦੀ ਮੱਤ ਦੀ ਲੋੜ ਹੈ  “ਭੋਜਨੁ ਨਾਮੁ ਨਿਰੰਜਨ ਸਾਰੁ ॥ ਪਰਮ ਹੰਸੁ ਸਚੁ ਜੋਤਿ ਅਪਾਰ ॥ ਜਹ ਦੇਖਉ ਤਹ ਏਕੰਕਾਰੁ ॥੫॥“ ਭਾਵ ਜਦੋਂ ਮਨੁਖ ਉਸ ਦੇ ਨਾਮ ਨੂੰ ਆਤਮਾ ਦੀ ਖੁਰਾਕ ਬਨਾਉਂਦਾ ਹੈ ਓਹ ਪਰਮ ਹੰਸ ਵਾਲੀ ਪਦਵੀ ਪਾ ਲੈਂਦਾ ਹੈ ਅਤੇ ਉਸ ਨੂੰ ਹਰ ਥਾਂ ਤੇ ਓਹ ਪ੍ਰਮਾਤਮਾ ਹੀ ਦਿਸਦਾ ਹੈ| ਉਸ ਨੂੰ “ਅਵਲਿ ਅਲਹ ਨੁਰੂ ਉਪਾਇਆ ਕੁਦਰਤਿ ਕੇ ਸਭ ਬੰਦੇ।।“ ਦੀ ਸਮਝ ਆ ਜਾਂਦੀ ਹੈ ਅਤੇ ਸਮਝ ਜਾਂਦਾ ਹੈ ਕੇ ਇੱਕ ਰਸ ਵਿਆਪਕ ਦਾ ਅਸਲੀ ਮਤਲਬ ਕੀ ਹੈ| ਉਸ ਦਾ ਨਿਯਮ ਹਰ ਕਿੱਸੇ ਤੇ ਬਰਾਬਰ ਚਲਦਾ ਹੈ ਉਸ ਵਾਸਤੇ ਕੋਈ ਵੱਡਾ ਛੋਟਾ ਨਹੀਂ ਹੈ, ਹਵਾ ਸਭ ਵਾਸਤੇ ਇੱਕੋ ਜਿਹੀ ਚਲਦੀ ਹੈ, ਧੁੱਪ ਸਭ ਵਾਸਤੇ ਇੱਕੋ ਜਿਹੀ ਹੈ| ਹਰ ਇਨਸਾਨ ਇੱਕੋ ਤਰਾਂ ਜਨਮ ਲੈਂਦਾ ਹੈ ਉਸ ਦੇ ਨਿਯਮ ਨੂੰ ਕੋਈ ਬਦਲ ਨਹੀਂ ਸਕਦਾ|  
ਇਕ ਓਅੰਕਾਰ ਰਬ ਦਾ ਇੱਕ ਏਹੋ ਜਿਹਾ ਗੁਣ ਹੈ ਜਿਸ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰ ਕੇ ਉਸ ਅਕਾਲਪੁਰਖ ਦੇ ਗੁਣਾ ਨਾਲ ਸਾਂਝ ਪਾ ਸਕਦੇ ਹਾਂ| ਬਹੁਤ ਸਾਰੇ ਲੋਕ ਇਕ ਓਅੰਕਾਰ ਨੂੰ ਮੰਤਰ ਬਣਾ ਕੇ ਉਸ ਦਾ ਜਾਪ ਵੀ ਕਰਦੇ ਹਨ, ਬਾਰ ਬਾਰ ਇਕ ਓਅੰਕਾਰ ਕਹਨ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਅੰਦਰੋਂ ਇੱਕ ਨਾ ਹੋਏ ਤਾਂ| ਆਸਾ ਦੀ ਵਾਰ ਵਿੱਚ ਸਲੋਕ ਹੈ “ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥“ ਅੱਜ ਸਾਡਾ ਹਾਲ ਉਸ ਦਾਲ ਵਰਗਾ ਹੈ ਜਿਸ ਦੇ ਦੋ ਟੋਟੇ ਹੋ ਚੁੱਕੇ ਹਨ ਤੇ ਓਹ ਕਿੱਸੇ ਵੀ ਹਾਲਤ ਵਿੱਚ ਨਹੀਂ ਉੱਗ ਸਕਦੀ| ਅਸੀਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹਾਂ, ਕਹਨ ਨੂੰ ਹਰ ਰੋਜ਼ ਇਕ ਓਅੰਕਾਰ ਦਾ ਪਾਠ ਕਰਦੇ ਹਾਂ ਪਰ ਮੱਥੇ ਜਾ ਕੇ ਪਾਖੰਡੀਆਂ ਅਗੇ ਝੁਕਾਉਂਦੇ ਹਾਂ| ਦਾਲ ਦਾ ਅਤੇ ਇਨਸਾਨ ਦਾ ਏਹੀ ਫਰਕ ਹੈ ਕੇ ਦਾਲ ਇੱਕ ਵਾਰ ਦੋ ਟੋਟੇ ਹੋਣ ਤੋਂ ਬਾਹਦ ਨਹੀਂ ਉੱਗ ਸਕਦੀ ਪਰ ਇਨਸਾਨ ਗੁਰੂ ਦੀ ਮੱਤ ਲੈ ਕੇ ਫਿਰ ਇੱਕ ਹੋ ਸਕਦਾ ਹੈ| ਆਓ ਇਸ ਰਬੀ ਗੁਣ ਨੂੰ ਆਪਣੀ ਜਿੰਦਗੀ ਵਿੱਚ ਵਸਾਈਏ ਅਤੇ ਅੰਦਰੋਂ ਤੇ ਬਾਹਰੋਂ ਇੱਕ ਹੋ ਜਾਈਏ|
......ਭੁੱਲ ਚੁੱਕ ਦੀ ਖਿਮਾ
ਵਰਿੰਦਰ ਸਿੰਘ (ਗੋਲਡੀ)