Wednesday, May 8, 2013

ਸਿਮਰਨ ਕੀ ਹੈ ?



ਸਿਮਰਨ ਕੀ ਹੈ ?
ਭਾਈ ਕਾਨ ਸਿੰਘ ਨਾਭਾ ਸਿਮਰਨ ਦੇ ਅਰਥ ਮਹਾਨ ਕੋਸ਼ ਵਿਚ ਇਸ ਤਰਾਂ ਕਰਦੇ ਹਨ ; ੧ ਚੇਤਾ ,ਯਾਦਦਾਸ਼ਤ ੨ ਚਿੰਤਨ , ਸੋਚਣਾ ੩ ਇਸ਼ਟ ਦਾ ਨਾਮ ਜਾਂ ਗੁਣ ਇਕਾਗਰ ਹੋ ਕੇ ਯਾਦ ਕਰਨਾ|
ਸਿੱਖ ਧਰਮ ਵਿਚ ਸਿਮਰਨ ਬਾਰੇ ਬਹੁਤ ਸਾਰੇ ਭੁਲੇਖੇ ਪਾਏ ਜਾਂਦੇ ਹਨ| ਕਿਸੇ ਇਕ ਸ਼ਬਦ ਨੂ ਤੋਤੇ ਵਾਂਗੂੰ ਰੱਟਣਾ, ਸਿਰ ਘੁਮਾ ਘੁਮਾ ਕੇ ਇਕੋ ਸ਼ਬਦ ਨੂ ਬਾਰ ਬਾਰ ਬੋਲਣਾ, ਸਵਾਸਾਂ ਨੂ ਪੁਠੇ ਸਿਧੇ ਚੜਾਉਣਾ ਅਤੇ ਉਸੇ ਸ਼ਬਦ ਜਾਂ ਅੱਖਰ ਨੂ ਬਾਰ ਬਾਰ ਪੜਨਾ| ਬ੍ਰਹਾਮਿਨ ਰਾਮ ਰਾਮ, ਜਾਂ ਹਰੇ ਕ੍ਰਿਸ਼ਨ, ਜਾਂ ਓਮ ਓਮ ਦਾ ਜਾਪ ਕਰਦਾ ਸੀ ਫਿਰ ਅਸੀਂ ਕਿਵੇਂ ਪਿਛੇ ਹੱਟਦੇ| ਅਸੀਂ ਵੀ ਵਾਹੇਗੁਰੂ ਵਾਹੇਗੁਰੂ ,ਜਾਂ ਮੂਲਮੰਤ੍ਰ, ਜਾਂ ਇਕਓਨ੍ਗ੍ਕਾਰ ਦਾ ਜਾਪ ਸ਼ੁਰੂ ਕਰ ਦਿੱਤਾ| ਵਾਹੇਗੁਰੂ ਵਾਹੇਗੁਰੂ ਕਹਨ ਵਿਚ ਕੋਈ ਹਰਜ਼ ਨਹੀਂ ਹੈ ਬੇਸ਼ਰਤੇ ਕੇ ਓਹ ਵਾਹੇ-ਗੁਰੂ (ਗੁਰੂ ਦੀ ਵਾਹ ) ਆਪਣੇ ਆਪ ਮੁੰਹ ਵਿਚੋਂ ਨਿਕਲੇ ਉਸ ਵਾਹੇਗੁਰੂ ਦੀ ਕੁਦਰਤ ਵੱਲ ਵੇਖ ਕੇ| ਜਦੋਂ ਮੰਨ ਵਿਸਮਾਦ ਹੋਵੇ ਤਾਂ ਓਹ ਵਾਹੇਗੁਰੂ ਆਪਣੇ ਆਪ ਤੁਹਾਡੇ ਮੁੰਹ ਵਿਚੋਂ ਨਿਕਲੇਗਾ ਅਤੇ ਇਸ ਵਾਹੇਗੁਰੂ ਅਤੇ ਮਕੈਨੀਕਲ ਰੈਪੂਟੇਸ਼ਨ ਵਾਲੇ ਵਾਹੇਗੁਰੂ ਵਿਚ ਬਹੁਤ ਫਰਕ ਹੈ|
ਵਾਹੁ ਵਾਹੁ ਤਿਸੁ ਨੋ ਆਖੀਐ ਜਿ ਸਚਾ ਗਹਿਰ ਗੰਭੀਰ॥
ਵਾਹੁ ਵਾਹੁ ਤਿਸੁ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ॥
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥
ਵਾਹੁ ਵਾਹੁ ਸਾਹਿਬ ਸਚ ਹੈ ਅਮ੍ਰਿਤ ਜਾ ਕਾ ਨਾਉ॥
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ॥
ਵਾਹੁ ਵਾਹੁ ਕਰਮੀ ਬੋਲੈ ਬੋਲਾਇ॥
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥
ਵਾਹੁ ਵਾਹੁ ਸਾਹਿਬ ਸਚ ਹੈ ਅਮ੍ਰਿਤ ਜਾ ਕਾ ਨਾਉ॥
ਸਹਜ ਵਿਚ ਕਹੇ ਗਏ ਵਾਹੇ-ਗੁਰੂ ਅਤੇ ਅਖਾਂ ਬੰਦ ਕਰ ਕੇ ਧੱਕੇ ਨਾਲ ਕਹੇ ਗਏ ਵਾਹੇਗੁਰੂ (ਜਾਂ ਵਾਗਰੂ ਵਾਗਰੂ ) ਵਿਚ ਬਹੁਤ ਫਰਕ ਹੈ|
ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥ ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥
ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ, ਪਰ ਜਦੋਂ ਤੈਨੂੰ ਚੰਗਾ ਲੱਗਦਾ ਤਾਂ ਗੁਰੂ ਦੀ ਸਰਨ ਪਿਆ ਹੋਇਆ ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ ॥੫॥
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥ ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥ ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥
ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ, ਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ, ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। ਆਪਣੇ ਹਿਰਦੇ ਵਿਚ ਉਸ ਦੀ ਯਾਦ ਟਿਕਾ ਰੱਖ ॥੧॥
ਸਾਨੂ ਇਹ ਤਾਂ ਪਤਾ ਲੱਗ ਗਿਆ ਕੇ ਗੁਰੂ ਨਾਮ ਸਿਮਰਨ ਦੀ ਗਲ ਕਰ ਰਹੇ ਹਨ ਪਰ ਓਹ ਨਾਮ ਸਿਮਰਨਾ ਕਿਸ ਤਰਾਂ ਹੈ ਆਓ ਇਹ ਵੀ ਗੁਰੂ ਨੂ ਹੀ ਪੁਛੀਏ ;
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ੍ਹ ਪਾਇਆ ॥੮॥੨॥
ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ ॥੮॥੨॥
ਅਸਲ ਗਲ ਹੈ ਉਸ ਦੇ ਨਾਮ ਨੂ ਆਪਣੇ ਹਿਰਦੇ ਵਿਚ ਵਸਾਉਣਾ ਮੁੰਹ ਵਿਚੋਂ ਭਾਵੇ ਕਰੋੜਾਂ ਵਾਰ ਵਾਹੇਗੁਰੂ ਵਾਹੇਗੁਰੂ ਕਹੀ ਜਾਵੋ ਕੋਈ ਫਰਕ ਨਹੀਂ ਪਵੇਗਾ ਜਿਨਾ ਚਿਰ ਤੁਹਾਡੇ ਹਿਰਦੇ ਵਿਚੋਂ ਵਾਹੇਗੁਰੂ ਸਹਜਸੁਭਾ ਨਹੀਂ ਨਿਕਲਦਾ ਗੁਰੂ ਨਾਨਕ ਸਾਹਿਬ ਜਪੁਜੀ ਵਿਚ ਫਰਮਾਉਂਦੇ ਹਨ ;
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।
ਇਹਨਾ ਤੁਕਾਂ ਨਾਲ ਇਹ ਵੀ ਸਾਬਤ ਹੋ ਗਿਆ ਕੇ ਬਾਰ ਬਾਰ ਇਕੋ ਸ਼ਬਦ ਦਾ ਰਟਣ ਕਰਨਾ ਸਿਮਰਨ ਨਹੀਂ ਹੋ ਸਕਦੇ ਫਿਰ ਕੀ ਹੈ ਨਾਮ ਜਪਣਾ ?
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥ ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥
ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ ਵਿਚ ਹੈ।ਚੰਦ ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ। ਹਵਾ ਪਾਣੀ ਅੱਗ (ਆਦਿਕ ਤੱਤ) ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ ॥੧॥ ਸਾਰੇ ਖੰਡਾਂ ਦੀਪਾਂ ਮੰਡਲਾਂ (ਦੇ ਜੀਵ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰ ਰਹੇ ਹਨ। ਪਾਤਾਲ ਅਤੇ ਸਾਰੀਆਂ ਪੁਰੀਆਂ (ਦੇ ਵਾਸੀ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ। ਸਾਰੀਆਂ ਖਾਣੀਆਂ ਅਤੇ ਬਾਣੀਆਂ (ਦੇ ਜੀਵ), ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ ॥੨॥
ਉਸ ਦੀ ਰਜਾ ਵਿਚ ਚਲਣਾ ਹੀ ਉਸ ਦਾ ਅਸਲੀ ਸਿਮਰਨ ਕਰਨਾ ਹੈ| ਗੁਰੂ ਦਾ ਉਪਦੇਸ਼ ਸੁਣਨਾ, ਮੰਨਣਾ, ਅਤੇ ਉਸ ਤੇ ਅਮਲ ਕਰਨਾ ਹੀ ਅਸਲੀ ਨਾਮ ਸਿਮਰਨ ਹੈ| ਕਿਸੇ ਇਕ ਖਾਸ ਸ਼ਬਦ ਨੂ ਖਾਸ ਤਰੀਕੇ ਨਾਲ ਅਤੇ ਖਾਸ ਸਮੇ ਤੇ ਕਰਨਾ ਕਦੇ ਵੀ “ਹੁਕਮ ਰਜਾਈ ਚਲਣਾ” ਕਿਸੇ ਵੀ ਹਾਲਤ ਵਿੱਚ ਨਹੀਂ ਹੋ ਸਕਦਾ| ਉਸ ਦੀ ਯਾਦ ਨੂ ਹਮੇਸ਼ਾਂ ਆਪਣੇ ਦਿਲ ਵਿੱਚ ਰਖਣਾ ਅਤੇ ਉਸ ਦੀ ਹੋਂਦ ਦੇ ਵਿਸਮਾਦ ਵਿਚ ਵਾਹੇ-ਗੁਰੂ ਕਹਣਾ ਹੀ ਅਸਲੀ ਨਾਮ ਸਿਮਰਨ ਹੈ|
ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥
ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥ ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥
ਗੁਰਬਾਣੀ ਪੜੋ, ਸਮਝੋ ਅਤੇ ਉਸ ਅਨੁਸਾਰ ਆਪਣਾ ਜੀਵਨ ਬਦਲੋ, ਡੇਰਾਵਾਦੀਆਂ ਦੀ ਸੋਚ ਤੇ ਚੱਲ ਕੇ ਵਾਹੇਗੁਰੂ ਵਾਹੇਗੁਰੂ ਕਰਨ ਨਾਲ ਨਾ ਕੁਛ ਹੋਇਆ ਤੇ ਨਾ ਕੁਛ ਹੋਵੇਗਾ|
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ ॥
ਆਓ ਗੁਰੂ ਦੀ ਮੱਤ ਤੇ ਚਲੀਏ ਤੇ ਅਸਲੀ ਨਾਮ ਸਿਮਰਨ ਕਰੀਏ| ਭੁੱਲ ਚੁੱਕ ਦੀ ਖਿਮਾ|...........ਵਰਿੰਦਰ ਸਿੰਘ (ਗੋਲਡੀ)

No comments:

Post a Comment