ਖਬਰਾਂ


ਤੀਜੀ ਸਿੱਖ ਸਟੱਡੀ ਕਾਨਫਰੰਸ- ਯੂਨੀਵਰਸਿਟੀ ਆਫ ਕੈਲੇਫੋਰਨੀਆਂ ਰਿਵਰ ਸਾਈਡ
ਯੂਨੀਵਰਸਿਟੀ ਆਫ ਕੈਲੇਫੋਰਨੀਆਂ ਰਿਵਰ ਸਾਈਡ ਦੇ ਧਾਰਮਿਕ ਵਿਭਾਗ ਵੱਲੋਂ ਡਾ: ਜਸਵੀਰ ਸਿੰਘ ਸੈਣੀ ਚੇਅਰ ਦੇ ਮੁਖੀ ਡਾ.ਪਿਸ਼ੌਰਾ ਸਿੰਘ ਵੱਲੋਂ ਮਈ 10-12 ਨੂੰ (Interdisciplinary Building Symposium Room INTS 1113) ਆਯੋਯਿਤ ਕੀਤਾ ਗਿਆ ਸੀ। ਇਸ ਕਾਨਫਰੰਸ ਦੇ ਕੁੱਲ 10 ਸੈਸ਼ਨ ਸਨ। ਸਿੱਖ ਧਰਮ ਨਾਲ ਦੇ ਆਰੰਭ ਤੋਂ ਵਰਤਮਾਨ ਤਾਈਂ ਵੱਖ-ਵੱਖ ਵਿਦਵਾਨਾਂ ਵੱਲੋਂ ਆਪਣੇ ਖੋਜ ਪੱਤਰ ਪੜ੍ਹੇ ਗਏ। ਸਾਰੇ ਸੈਸ਼ਨ ਹੀ ਜਿਵੇਂ ਕਿ ਸਿੱਖ ਧਰਮ ਦਾ ਮੁੱਢਲਾ ਖਾਕਾ, ਨੈਤਿਕਤਾ, ਰਾਗ ਵਿੱਦਿਆ, ਦਸਮ ਗ੍ਰੰਥ, ਆਨੰਦ ਕਾਰਜ, ਜਨਮ ਸਾਖੀ, ਸਿੱਖ ਪਹਿਚਾਣ, ਹੱਥ ਲਿਖਤਾਂ ਆਦਿ ਬਹੁਤ ਹੀ ਮਹੱਤਵਪੂਰਨ ਸਨ ਪਰ ਸਭ ਤੋਂ ਮਹੱਤਵਪੂਰਨ ਘਟਨਾ 11 ਮਈ ਦੇ ਪਹਿਲੇ ਅਤੇ ਕਾਨਫਰੰਸ ਦੇ ਪੰਜਵੇਂ ਸੈਸ਼ਨ ‘ਚ ਵਾਪਰੀ ਜਦੋਂ ਖੋਜ ਪੱਤਰ ਪੜ੍ਹਨ ਵਾਲੇ ਵਿਦਵਾਨ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ‘ਚ ਆਪਣੀ ਕੀਤੀ ਹੋਈ ਖੋਜ ਨੂੰ ਹੀ ਰੱਦ ਕਰਦੇ ਜਵਾਬ ਦੇਣ ਲਈ ਮਜ਼ਬੂਰ ਹੋ ਗਏ।
11 ਮਈ ਦੇ ਪਹਿਲੇ ਸੈਸ਼ਨ ਦਾ ਅਰੰਭ ਸਵੇਰ 9.10 ਵਜੇ ਹੋਇਆ ਸੀ ਜਿਸ ‘ਚ ਸਭ ਤੋਂ ਪਹਿਲਾ ਡਾ:ਪਿਸ਼ੌਰਾ ਸਿੰਘ ਨੇ ਆਪਣਾ ਪੇਪਰ ‘Throwing the baby out with the bath water’ ਡਾ:ਪਿਸ਼ੌਰਾ ਸਿੰਘ ਜੀ ਨੇ ਆਪਣੀਆਂ ਦਲੀਲਾਂ ਨਾਲ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਗਲਤ ਸਾਬਤ ਕਰਨ ਦਾ ਯਤਨ ਕੀਤਾ। ਡਾ:ਜਸਵੀਰ ਸਿੰਘ ਮਾਨ ਨੇ ਆਪਣੇ ਖੋਜ ਪੱਤਰ ‘The Textual History of the Dasam Granth Sahib’ ਰਾਹੀਂ ਮੌਜੂਦਾ ਦਸਮ ਗ੍ਰੰਥ ਦੇ ਹੋਂਦ ‘ਚ ਆਉਣ ਦੇ ਸਾਜ਼ਸ਼ੀ ਕਾਰਨਾਂ ਦਾ ਬਹੁਤ ਹੀ ਵਿਸਥਾਰ ਨਾਲ ਵਰਨਣ ਕੀਤਾ। ਇਸ ਵਿਸ਼ੇ ‘ਤੇ ਆਖਰੀ ਖੋਜ ਪੱਤਰ ‘Anandpuri Bir’ ਡਾ:ਗੁਰਿੰਦਰ ਸਿੰਘ ਮਾਨ ਵੱਲੋਂ ਪੇਸ਼ ਕੀਤਾ ਗਿਆ। ਜਿਸ ਰਾਹੀਂ ਉਨ੍ਹਾਂ ਨੇ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਦਸਮ ਗ੍ਰੰਥ 1696 ਵਿੱਚ ਗੁਰੂ ਗੋਬਿੰਦ ਸਿੰਘ ਜੋ ਨੇ ਅਨੰਦਪੁਰ ਵਿਖੇ ਹੀ ਸੰਪੂਰਨ ਕਰ ਲਿਆ ਸੀ।
ਵਿਦਵਾਨਾਂ ਵੱਲੋਂ ਆਪਣੇ-ਆਪਣੇ ਖੋਜ ਪੱਤਰ ਪੜ੍ਹਨ ਉਪਰੰਤ ਸਰੋਤਿਆਂ ਵੱਲੋਂ ਕੁੱਝ ਸਵਾਲ ਕੀਤੇ ਗਏ ਪਹਿਲਾ ਸਵਾਲ ਸ.ਰਮਿੰਦਰ ਸਿੰਘ ਸੇਖੋਂ ਵੱਲੋਂ ਕੀਤਾ ਗਿਆ, ਜਿਸ ਦਾ ਜਵਾਬ ਪੈਨਲ ‘ਚ ਬੈਠੇ ਵਿਦਵਾਨ ਨੇ ਦਿੱਤਾ। ਜਵਾਬ ਦੇਣ ਵੇਲੇ ਡਾ:ਪਿਸ਼ੌਰਾ ਸਿੰਘ ਜੀ ਵੱਲੋਂ ਹੈਰਾਨੀ ਭਰਿਆ ਵਤੀਰਾ ਕੀਤਾ ਗਿਆ, ਜੋ ਸਰੋਤਿਆਂ ‘ਚ ਚਰਚਾ ਦਾ ਵਿਸ਼ਾ ਬਣ ਗਿਆ। ਡਾ:ਪਿਸ਼ੌਰਾ ਸਿੰਘ ਜੀ ਆਪਣੇ ਜਵਾਬ ਨੂੰ ਇੰਨਾ ਲੰਮਾ ਅਤੇ ਵਿਸ਼ੇ ਤੋਂ ਬਾਹਰ ਲੈ ਗਏ, ਜਿਸ ਤੋਂ ਸਾਫ਼ ਜ਼ਾਹਿਰ ਸੀ ਕਿ ਉਹ ਸਵਾਲ-ਜਵਾਬ ਲਈ ਮਿਥਿਆ ਹੋਇਆ ਸਮਾਂ ਬਰਬਾਦ ਕਰਨਾ ਚਾਹੁੰਦੇ ਸਨ ਤਾਂ ਜੋ ਹੋਰ ਸਵਾਲ ਨਾ ਪੁੱਛੇ ਜਾਣ ‘ਵਰਲਡ ਸਿੱਖ ਫੈਡਰੇਸ਼ਨ’ ਦੇ ਸਰਗਰਮ ਕਾਰਕੁੰਨ ਹਰਜੀਤ ਸਿੰਘ ਵੱਲੋਂ ਕੀਤੇ ਗਏ ਸਵਾਲ ਨੇ ਬਹੁਤ ਹੀ ਦਿਲਚਸਪ ਸਥਿਤੀ ਪੈਦਾ ਕਰ ਦਿੱਤੀ। ਹਰਜੀਤ ਸਿੰਘ ਨੇ ਬੜੇ ਹੀ ਠਰੰਮੇ ਨਾਲ ਵਿਦਵਾਨਾਂ ਨੂੰ ਬੇਨਤੀ ਕੀਤੀ ਕਿ, “ਮੈਂ ਨਾ ਤਾਂ ਦਸਮ ਗ੍ਰੰਥ ਦੇ ਹੱਕ ‘ਚ ਹਾਂ ਅਤੇ ਨਾ ਹੀ ਵਿਰੋਧ ‘ਚ। ਮੈਂ ਤਾਂ ਅਜੇ ਪੜ੍ਹਨਾ ਹੀ ਅਰੰਭ ਕੀਤਾ ਹੈ।” ਉਨ੍ਹਾਂ ਨੇ ਆਪਣੇ ਹੱਥ ‘ਚ ਫੜੀ ਹੋਈ, ਪਿਆਰਾ ਸਿੰਘ ਪਦਮ ਦੀ ਲਿਖਤ, ‘ਦਸਮ ਗ੍ਰੰਥ ਦਰਸ਼ਨ’ ਨੂੰ ਸਾਰੇ ਸਰੋਤਿਆਂ ਨੂੰ ਵਿਖਾ ਕੇ ਕਿਹਾ ਕਿ, “ਇਹ ਉਹ ਕਿਤਾਬ ਹੈ ਜਿਸ ਦੇ ਵਿਦਵਾਨਾਂ ਅਤੇ ਪ੍ਰਚਾਰਕਾਂ ਵੱਲੋਂ ਅਕਸਰ ਹਵਾਲੇ ਦਿੱਤੇ ਜਾਂਦੇ ਹਨ ਅਤੇ ਇਸ ਕਿਤਾਬ ਦੇ ਪੰਨਾ 7 ਉੱਤੇ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਸੰਤਾ ਸਿੰਘ ਬੁੱਢਾ ਦਲ, ਡਾ. ਖੁਸਦੇਵਾ ਸਿੰਘ, ਸੰਤ ਜਰਨੈਲ ਸਿੰਘ ਭਿੰਡਰਵਾਲੇ ਅਤੇ ਪ੍ਰਿ.ਸਤਵੀਰ ਸਿੰਘ ਜੀ ਵੱਲੋਂ ਦਿੱਤੇ ਗਏ ਪ੍ਰਸੰਸਾ ਪੱਤਰ ਛਪੇ ਹੋਏ ਹਨ।” ਹਰਜੀਤ ਸਿੰਘ ਨੇ ਕਿਹਾ ਕਿ, “ਮੈਨੂੰ ਬਹੁਤ ਹੀ ਹੈਰਾਨੀ ਹੋਈ ਜਦੋਂ ਮੈਂ ਇਸ ਦੇ ਪੰਨਾ 125 ਤੇ ਇਹ ਪੜ੍ਹਿਆ ਕਿ ਗੁਰੂ ਗੋਬਿੰਦ ਸਿੰਘ ਜੀ ਕਪਾਲ ਮੋਚਨ ਦੇ ਮੰਦਰ ਗਏ, ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸਿਰੋਪੇ ਦੇਣ ਲਈ ਉੱਥੇ ਆਏ ਹੋਏ ਸ਼ਰਧਾਲੂਆਂ ਦੀਆਂ, ਜੋ ਧਾਰਮਿਕ ਅਸਥਾਨ ਦੇ ਨੇੜੇ-ਤੇੜੇ ਪਿਸ਼ਾਬ ਆਦਿ ਕਰ ਰਹੇ ਸਨ, ਆਪਣੇ ਸਿਪਾਹੀਆਂ ਰਾਹੀਂ ਪੱਗਾਂ ਉਤਰਵਾ ਲਈਆਂ, ਧੱਕੇ ਨਾਲ ਲਾਹੀਆਂ ਗਈਆਂ ਪੱਗਾਂ ਦੀ ਗਿਣਤੀ 800 ਤੋਂ ਵੱਧ ਦੱਸੀ ਤਾਂ ਉਹ ਵਿਦਵਾਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਜੋ ਸਿੱਖ ਨਹੀ ਸਨ, ਹਰਜੀਤ ਸਿੰਘ ਬਹੁਤ ਹੀ ਹੈਰਾਨੀ ਨਾਲ ਵੇਖ ਰਹੇ ਸਨ। ਆਪਣੀ ਗੱਲ ਨੂੰ ਜਾਰੀ ਰੱਖਦਿਆਂ ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਉਨ੍ਹਾਂ ਪੱਗਾਂ ਨੂੰ ਰਾਤੋਂ-ਰਾਤ ਧੁਆ ਕੇ ਸਵੇਰ ਨੂੰ ਸਿਰੋਪੇ ਦੇ ਦਿੱਤੇ ਤੇ ਜੋ ਪੱਗਾਂ ਬਚ ਗਈਆਂ, ਉਹ ਵੇਚ ਦਿੱਤੀਆਂ। ਦਸਮ ਗ੍ਰੰਥ ਦੇ ਚਰਿੱਤਰ ਨੰ: 71 ਦਾ ਹਵਾਲਾ ਦੇ ਕੇ ਉਨ੍ਹਾਂ ਦੱਸਿਆ ਕਿ ਪਿਆਰ ਸਿੰਘ ਪਦਮ ਨੇ ਇਸ ਘਟਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਹੱਡ-ਬੀਤੀ ਲਿਖਿਆ ਹੈ। ਇਹ ਪੜ੍ਹ ਕੇ ਮੈਨੂੰ ਬਹੁਤ ਹੀ ਪ੍ਰੇਸ਼ਾਨੀ ਹੋਈ ਹੈ। ਇਸ ਬਾਰੇ ਵਿਦਵਾਨ ਜਾਣਕਾਰੀ ਦੇਣ ਕਿ ਗੁਰੂ ਸਾਹਿਬ ਜੀ, ਜਿੰਨ੍ਹਾਂ ਨੇ ਸਾਨੂੰ ਦਸਤਾਰ ਦੀ ਬਖ਼ਸ਼ਿਸ਼ ਕੀਤੀ ਹੈ ਉਹ ਕਿਸੇ ਦੀ ਪੱਗ ਕਿਵੇਂ ਉਤਾਰ ਕੇ ਵੇਚ ਸਕਦੇ ਹਨ?
ਡਾ:ਜਸਵੀਰ ਸਿੰਘ ਮਾਨ ਨੇ ਲੋਹਾ ਗਰਮ ਵੇਖ ਕੇ ਸੱਟ ਮਾਰਦਿਆਂ ਨੇ ਕਿਹਾ ਕਿ, “ਇਹ ਹੀ ਤਾਂ ਮੈਂ ਆਪਣੇ ਪੇਪਰ ‘ਚ ਸਾਬਿਤ ਕੀਤਾ ਕੀਤਾ ਹੈ ਕਿ ਇਹ ਗ੍ਰੰਥ ਬਹੁਤ ਹੀ ਡੂੰਘੀ ਸਾਜ਼ਿਸ਼ ਦੀ ਦੇਣ ਹੈ।” ਦਸਮ ਗ੍ਰੰਥ ਨੂੰ ਗੁਰੂ ਜੀ ਦੀ ਲਿਖਤ ਸਾਬਿਤ ਕਰਨ ਵਾਲਿਆਂ ਦਾ ਫਰਜ਼ ਹੈ ਕਿ ਉਹ ਇਸ ਸਵਾਲ ਦਾ ਜਵਾਬ ਦੇਣ। ਡਾ: ਗੁਰਿੰਦਰ ਸਿੰਘ ਮਾਨ ਨੇ, ਜੋ 10 ਕੁ ਮਿੰਟ ਪਹਿਲਾ ਆਪਣੇ ਖੋਜ ਪੱਤਰ ਰਾਹੀਂ ਇਹ ਸਾਬਿਤ ਕਰਨ ਦਾ ਯਤਨ ਕਰ ਰਹੇ ਸਨ ਕਿ ਇਹ ਗ੍ਰੰਥ ਗੁਰੂ ਜੀ ਨੇ 1696 ‘ਚ ਆਨੰਦਪੁਰ ਸਾਹਿਬ ਵਿਖੇ ਹੀ ਸੰਪੂਰਨਕੀਤਾ ਸੀ, ਕੁੱਝ ਵੀ ਕਹਿਣ ਦੀ ਬਜਾਇ ਮਾਈਕ ਡਾ: ਪਿਸ਼ੌਰਾ ਸਿੰਘ ਜੀ ਵੱਲ ਨੂੰ ਖਿਸਕਾ ਦਿੱਤਾ। ਡਾ:ਪਿਸ਼ੌਰਾ ਸਿੰਘ ਨੇ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਥਾਂ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਕਹਿ ਦਿੱਤਾ ਕਿ ‘next Question’ ਤਾਂ ਵਰਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪਹਿਲੇ ਸਵਾਲ ਦਾ ਜਵਾਬ ਤਾਂ ਦਿੱਤਾ ਹੀ ਨਹੀ ਗਿਆ। ਡਾ:ਪਿਸ਼ੌਰਾ ਸਿੰਘ ਨੇ ਫਿਰ ਪਹਿਲੇ ਸਵਾਲ ਦੇ ਜਵਾਬ ‘ਚ ਇਹ ਕਿਹਾ ਕਿ ਸਾਰਾ ਦਸਮ ਗ੍ਰੰਥ, ਗੁਰੂ ਜੀ ਦੀ ਕ੍ਰਿਤ ਨਹੀਂ ਹੈ। ਉਸ ਵੇਲੇ ਡਾ:ਪਿਸ਼ੌਰਾ ਸਿੰਘ ਜੀ ਦੇ ਚਿਹਰੇ ਦੇ ਰੰਗ ਕਿਵੇਂ ਬਦਲ ਰਹੇ ਸਨ ਵੇਖਣ ਯੋਗ ਸਨ।
ਬ੍ਰੇਕ ਦੇ ਸਮੇ ਹਾਲ ਤੋਂ ਬਾਹਰ ਡਾ:ਪਿਸ਼ੌਰਾ ਸਿੰਘ ਨੂੰ ਵਰਲਡ ਸਿੱਖ ਫੈਡਰੇਸ਼ਨ ਦੇ ਕਾਰਕੁੰਨਾਂ ਨੇ ਅਨੂਪ ਕੌਰ ਵਾਲੇ ਕਿੱਸੇ ਸੰਬੰਧੀ ਸਵਾਲ ਕਰ ਕੇ ਇਸ ਸੰਬੰਧੀ ਸਪੱਸ਼ਟ ਕਰਨ ਲਈ ਕਿਹਾ ਤਾਂ ਉਹਨਾਂ ‘ਚਾਹ ਪੀ ਕੇ ਆਉਣ ਤੋਂ ਬਾਅਦ’ ਸਪੱਸ਼ਟ ਕਰਨ ਦੀ ਗੱਲ ਕਹੀ ਪਰ ਉਸ ਤੋਂ ਕੁਝ ਸਮੇਂ ਬਾਅਦ ਹੀ ਉਹ ਕੁੱਝ ਪੁਲਿਸ ਅਧਿਕਾਰੀਆਂ ਦੀ ਚਾਰਦੀਵਾਰੀ ਵਿੱਚ ਸੁਰੱਖਿਅਤ ਸਨ, ਜਿਸ ਕਾਰਨ ਵਰਲਡ ਸਿੱਖ ਫੈਡਰੇਸ਼ਨ ਦੇ ਮੈਂਬਰਾਂ ਨੇ ਕੁੱਝ ਪਰਚੇ ਵੰਡੇ ਜਿੰਨ੍ਹਾਂ ਉੱਪਰ ਡਾ:ਪਿਸ਼ੌਰਾ ਸਿੰਘ ਹੁਣਾਂ ਨੂੰ ਪੁੱਛੇ ਗਏ ਸਵਾਲ ਦਰਜ ਸਨ, ਜਿੰਨ੍ਹਾਂ ਦਾ ਕੋਈ ਠੋਸ ਅਤੇ ਤਸੱਲੀਬਖਸ਼ ਜਵਾਬ ਡਾ:ਪਿਸ਼ੌਰਾ ਸਿੰਘ ਨਹੀਂ ਦੇ ਸਕੇ, ਜੋ ਕਿ ਹੇਠ ਲਿਖੇ ਅਨੁਸਾਰ ਹਨ:
1. ਦਸਮ ਗ੍ਰੰਥ ਦਾ ਲਿਖਾਰੀ ਪੰਨਾ 916 ਤੇ ਲਿਖਦਾ ਹੈ ਕਿ, “ਨਿਆਂਕਾਰ ਜਹਾਂਗੀਰ ਮਰ ਗਿਆ।
“ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਿਜਹਾਂ ਹਜਰਤਿ ਜੂ ਭਯੋ॥”
ਜੇਕਰ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਕੀ ਗੁਰੂ ਜੀ ਆਪਣੇ ਪੜਦਾਦੇ ਦੇ ਕਾਤਲ ਨੂੰ ਨਿਆਂਕਾਰ ਲਿਖ ਸਕਦੇ ਹਨ? ਜੇਕਰ ਜਹਾਂਗੀਰ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਿਸ਼ਾਹ ਜੀ ਕੌਣ ਸਨ?
2. ਗ੍ਰੰਥ ਦੇ ਲਿਖਾਰੀ ਵੱਲੋਂ, ਗ੍ਰੰਥ ਦੇ ਪੂਰਾ ਹੋਣ ਦਾ ਦਿਨ ਐਤਵਾਰ ਲਿਖਿਆ ਹੈ-‘ਸੰਬਤ ਸੱਤਰ੍ਹ ਸਹਸ ਭਣਿਜੈ॥ ਅਰਧ ਸਹਸ ਫੁਨਿ ਤੀਨਿ ਕਹਿੱਜੈ। ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ। ਤੀਰ ਸਤੁੱਸ੍ਰਵ ਗ੍ਰੰਥ ਸੁਧਾਰਾ’ ਜੋ ਕਿ ਸਹੀ ਨਹੀ ਹੈ। ਭਾਂਦੋ ਸੁਦੀ 8 ਸੰਮਤ 1753 (25 ਅਗਸਤ 1696 ਯੂਲੀਅਨ) ਨੂੰ ਦਿਨ ਮੰਗਲਵਾਰ ਸੀ ਜਦੋਂ ਕਿ ਲੇਖਕ ਐਤਵਾਰ ਲਿਖ ਰਿਹਾ ਹੈ।
3. ਕੀ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਲਿਖਾਰੀ ਸਨ?
ਤਾ ਤੇ ਕਥਾ ਥੋਰ ਹੀ ਭਾਸੀ॥ ਨਿਰਖ ਭੂਲਿ ਕਬਿ ਕਰੋ ਨ ਹਾਸੀ॥28॥ (ਪੰਨਾ 181)
ਸੱਤਰ੍ਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥
ਚੂਕ ਹੋਇ ਜਹਤਹ ਸੁ ਕਬਿ ਲੀਜਹੁ ਸਕਲ ਸੁਧਾਰ॥ (ਪੰਨਾ 354)
ਭੂਲ ਹੋਇ ਜਹਂ ਤਹਿਂ ਸੁ ਕਬਿ ਪੜੀਅਹੁ ਸਭੇ ਸੁਧਾਰ॥ (ਪੰਨਾ 386)
ਤਾਤੇ ਥੋਰੀ ਕਥਾ ਉਚਾਰੀ॥ ਚੂਕ ਹੋਇ ਕਬਿ ਲੇਹੁ ਸੁਧਾਰੀ॥(ਪੰਨਾ 1273)
4. ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦਾ ਪੁਜਾਰੀ ਹੈ ‘ਤੇ ਉਸਦੇ ਸਿੱਖ ਬਣਾਉਣ ਦਾ ਤਰੀਕਾ ਹੈ ਸ਼ਰਾਬ ਅਫੀਮ ਭੰਗ ਪਿਆ ਕੇ ਨਾ ਕੇ ਖੰਡੇ-ਬਾਟੇ ਦੀ ਪਾਹੁਲ ਪਿਆ ਕੇ:
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ। ਮਹਾਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਵਾਇ॥ (ਪੰਨਾ 1210)
5. ਕੀ ਗੁਰੂ ਜੀ ਦੇਵੀ ਦੇ ਪੁਜਾਰੀ ਸਨ?
ਸਰਬਕਾਲ ਹੈ ਪਿਤਾ ਹਮਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ (ਪੰਨਾ 73)
ਇਸਨੂੰ ਯੁਗਲ ਭਗਤੀ ਕਹਿੰਦੇ ਹਨ ਜੋ ਹਿੰਦੂ ਮੱਤ ਵਿੱਚ ਪ੍ਰਵਾਨ ਹੈ। ਜਿਵੇਂ: ਰਾਧੇ-ਸ਼ਾਮ, ਸੀਤਾ-ਰਾਮ, ਬਿਸ਼ਨੂੰ-ਲੱਛਮੀ, ਮਹਾਂਕਾਲ ਤੇ ਕਾਲਕਾ:
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥ (ਪੰਨਾ 55)
ਕ੍ਰਿਪ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ।
ਕਿਲਬਿਖ ਸਕਲ ਦੇਹ ਕੋ ਹਰਤਾ। ਦੁਸਟ ਦੋਖਿਯਨ ਕੋ ਛੈ ਕਰਤਾ।402। ਪੰਨਾ 1388॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆ॥
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ॥ (ਪੰਨਾ 127)
ਇਸ ਦੁਰਗਾ ਦੀ ਵਾਰ ਵਿੱਚੋਂ ਹੀ ਸਾਡੀ ਅਰਦਾਸ ਆਈ ਹੈ।
6. ਦਸਮ ਗ੍ਰੰਥ ਦਾ ਰੱਬ ਸ਼ਰਾਬ ਵੀ ਪੀਂਦਾ ਹੈ।
ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ ( ਪੰਨਾ 42)
7. ਦਸਮ ਗ੍ਰੰਥ ਵਿਚ ਸ੍ਰਿਸ਼ਟੀ ਸਾਜਣ ਦਾ ਢੰਗ ਜੋ ਗੁਰੂ ਗ੍ਰੰਥ ਦੇ ਵਿਪਰੀਤ ਹੈ:
ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੁ ਕੀਟਬ ਤਨ ਧਾਰਾ॥
ਦੁਤੀਯ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸ਼ਟ ਇਹ ਸਾਰੀ॥ ਦ. ਗ੍ਰੰ. ਪੰਨਾ 47
ਜਦੋਂ ਦੂਜੇ ਕੰਨ ਤੋਂ ਮੈਲ ਨਿਕਾਲਣ ਤੋਂ ਬਾਅਦ ਹੀ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਤਾਂ ਫਿਰ ਪਹਿਲੇ ਕੰਨ ਦੀ ਮੈਲ ਤੋਂ ਬਣਾਏ ਗਏ ਕੀੜੇ ਮਕੌੜੇ ਕਿੱਥੇ ਰੱਖੇ?
8. ਦਸਮ ਗ੍ਰੰਥ ਦੇ ਲਿਖਾਰੀ ਨੇ ਥਾਂ-ਥਾਂ ਆਪਣਾ ਨਾਮ ਲਿਖਿਆ ਹੈ।
ਸੁਨੀਅਹੁ ਸੰਤ ਸਭੈ ਚਿਤ ਲਾਈ॥ ਬਰਨਤ ਸ੍ਯਾਮ ਜਥਾ ਮਤ ਭਾਈ॥ (ਪੰਨਾ 155)
ਮਿਲਿ ਦੇਵ ਅਦੇਵਨ ਸਿੰਧ ਮਥ੍ਯੋ॥ ਕਬ ਸ੍ਯਾਮ ਕਵਿੱਤਨ ਮੱਧ ਕਥ੍ਯੋ॥ (ਪੰਨਾ 160)
ਮਾਰ ਚਮੂੰ ਸੁ ਬਿਦਰ ਦਈ ਕਬਿ ਰਾਮ ਕਹੈ ਬਲ ਸੋ ਨ੍ਰਿਪ ਗਾਜ੍ਯੋ॥ (ਪੰਨਾ 408)
ਕਥਾ ਸਤ੍ਰਵੀ ਰਾਮ ਕਬਿ ਉਚਾਰਿ ਹਿਤ ਚਿਤ ਲਾਇ॥ (ਪੰਨਾ 835)
ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸਮਗ॥੧੦॥ (ਪੰਨਾ 1355)
ਇਹ ਸਾਬਤ ਕਰਨ ਲਈ ਕਿ ਦਸਮ ਗ੍ਰੰਥ ਕਵੀ ਰਾਮ ਅਤੇ ਸ੍ਯਾਮ ਦੀ ਰਚਨਾ ਹੈ, ਦਸਮ ਗ੍ਰੰਥ ‘ਚ ਅਜਿਹੇ ਸੈਂਕੜੇ ਹਵਾਲੇ ਦਿੱਤੇ ਜਾ ਸਕਦੇ ਹਨ।
‘ਵਰਲਡ ਸਿੱਖ ਫੈਡਰੇਸ਼ਨ’ ਵੱਲੋਂ ਪੁੱਛੇ ਗਏ ਉਪਰੋਕਤ ਸਵਾਲਾਂ ਦੇ ਜਵਾਬ ਡਾ:ਪਿਸ਼ੌਰਾ ਸਿੰਘ ਉਸ ਸਮੇਂ ਤਾਂ ਨਹੀਂ ਦੇ ਸਕੇ, ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਬਾਰੇ ਇਹਨਾਂ ਵਿਦਵਾਨਾਂ ਤੋਂ ਜ਼ਰੂਰ ਪੁੱਛਣ।

No comments:

Post a Comment