Wednesday, May 8, 2013

ਸਿੱਖ ਕੌਣ ਹੈ ?



ਸਿੱਖ ਕੌਣ ਹੈ ?
ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ ਸ਼ਿਸ਼ਹ ਤੋਂ ਬਨਿਆ ਹੈ ਜਿਸ ਦਾ ਮਤਲਬ ਹੈ ਚੇਲਾ, ਸ਼ਗਿਰਦ, ਜੋ ਉਪਦੇਸ਼ ਯੋਗ ਹੋਵੇ| ਭਾਈ ਕਾਹਨ ਸਿੰਘ ਨਾਭਾ ਸਿੱਖ ਦੀ ਪ੍ਰੀਭਾਸ਼ਾ ਦੇਂਦੇ ਹੋਏ ਗੁਰਮੱਤ ਮਾਰਤੰਡ ਵਿੱਚ ਲਿਖਦੇ ਹਨ ਕੇ “ਸਿੱਖ ਓਹ ਹੈ ਜਿਸ ਨੇ ਜਗਤ ਗੁਰੂ ਦੇ ਵਿਚਾਰ ਅਨੁਸਾਰ ਸਿਖਿਆ ਸਿਖੀ ਹੈ ਅਤੇ ਸਿੱਖ ਧਰਮ ਦੀ ਰਹਤ ਧਾਰਣ ਕੀਤੀ ਹੈ |” “ਸਿਖੀ ਸਿਖਿਆ ਗੁਰ ਵੀਚਾਰਿ ॥“
ਕੀ ਅਸੀਂ ਇਸ ਪ੍ਰੀਭਾਸ਼ਾ ਅਨੁਸਾਰ ਸਿੱਖ ਕਹਾਉਣ ਦੇ ਲਾਇਕ ਹਾਂ ? ਅੱਜ ਬਹੁਤ ਸ਼ਾਨ ਨਾਲ ਅਸੀਂ ਕਹ ਤਾਂ ਦੇਂਦੇ ਹਾਂ ਕੇ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਪਰ ਕੀ ਵਾਕਿਆ ਹੀ ਅਸੀਂ ਗੁਰੂ ਦੇ ਸਿੱਖ ਹਾਂ ? ਕੀ ਅਸੀਂ ਗੁਰੂ ਦੀ ਦਿੱਤੀ ਮੱਤ ਤੇ ਕਦੇ ਚਲੇ ਹਾਂ ? ਇਹ ਬਹੁਤ ਸਾਰੇ ਸਵਾਲ ਹਨ ਜਿਹਨਾ ਦਾ ਜਵਾਬ ਤਾਂ ਹੀ ਮਿਲ ਸਕਦਾ ਹੈ ਜੇ ਸਾਨੂ ਪਤਾ ਹੋਵੇ ਕੇ ਗੁਰੂ ਜੀ ਸਾਨੂ ਕੀ ਸਿਖਿਆ ਦੇ ਰਹੇ ਹਨ| ਅਸੀਂ ਤਾਂ ਗੁਰੂ ਨੂ ਸਿਰਫ ਪੂਜਨ ਵਾਲੀ ਚੀਜ਼ ਸਮਝ ਕੇ ਰੁਮਾਲਿਆਂ ਥੱਲੇ ਢੱਕ ਦਿੱਤਾ, ਜੇ ਬਾਣੀ ਪੜਾਂਗੇ ਅਤੇ ਵਿਚਾਰਾਂਗੇ ਨਹੀਂ ਤਾਂ ਕਿਵੇਂ ਪਤਾ ਲਗੇਗਾ ਕੇ ਗੁਰੂ ਦੀ ਸਿਖਿਆ ਕੀ ਹੈ ? ਆਓ ਵਿਚਾਰਨ ਦਾ ਜਤਨ ਕਰੀਏ ਕੇ ਗੁਰੂ ਦਾ ਸਿੱਖ ਕੌਣ ਹੈ :-
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥{ਪੰਨਾ 305-306}
ਅਰਥ:- ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ, ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ, ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ; ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ । ਸਤਿਗੁਰੂ ਦੇ ਮਨ ਵਿਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ ।ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ । ਦਾਸ ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ।2।
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥ {ਪੰਨਾ 314}
ਅਰਥ:- ਸਤਿਗੁਰੂ ਜੋ ਉਪਦੇਸ਼ ਸਿੱਖਾਂ ਨੂੰ ਦੇਂਦਾ ਹੈ ਉਹ ਗਹੁ ਨਾਲ ਉਸ ਨੂੰ ਸੁਣਦੇ ਹਨ, (ਫੇਰ) ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ (ਅੱਗੇ ਨਾਲੋਂ) ਚੌਣੀ ਰੰਗਣ ਚੜ੍ਹ ਜਾਂਦੀ ਹੈ । 'ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ (ਹਰੀ ਦੇ ਪਿਆਰ ਵਿਚ) ਭਿੱਜਦਾ ਹੈ'-ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ (ਸੰਸਾਰ ਦੇ ਹੋਰ ਮਤਾਂ ਨਾਲੋਂ) ਨਿਰਾਲਾ ਹੈ ।
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥ {ਪੰਨਾ 593}
ਅਰਥ: ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀਂ ਜਾ ਲੱਗਦਾ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਨੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ। ਉਸ ਗੁਰਸਿੱਖ ਨੂੰ ਧੰਨੁ ਧੰਨੁ ਆਖਣਾ ਚਾਹੀਦਾ ਹੈ, ਜਿਸ ਦੇ ਮਨ ਵਿਚ ਹਰੀ ਦਾ ਨਾਮ ਸੁਣ ਕੇ ਚਾਅ ਪੈਦਾ ਹੁੰਦਾ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਿਗੁਰੂ ਦੀ ਸੇਵਾ ਕਰ ਕੇ ਪਰਮਾਤਮਾ ਦਾ ਨਾਮ ਲੱਭਾ ਹੈ। ਮੈਂ ਸਦਾ ਉਸ ਗੁਰਸਿੱਖ ਅਗੇ ਆਪਣਾ ਸਿਰ ਨਿਵਾਉਂਦਾ ਹਾਂ, ਜੋ ਗੁਰਸਿੱਖ ਸਤਿਗੁਰੂ ਦੇ ਭਾਣੇ ਵਿਚ ਚੱਲਦਾ ਹੈ।੧੮।
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥ ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥ ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥ {ਪੰਨਾ 919-920}
ਅਰਥ:- ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖ਼ਰੂ ਹੋਣਾ ਚਾਹੁੰਦਾ ਹੈ, ਜੋ ਸਿੱਖ ਇਹ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨ ਕਰਨੀਆਂ ਪੈਣ, (ਤਾਂ ਰਸਤਾ ਇਕੋ ਹੀ ਹੈ ਕਿ) ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕੇ । ਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਵੇ, ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ, ਆਪਾ-ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ (ਆਪਣੇ ਆਤਮਕ ਜੀਵਨ ਦਾ, ਆਤਮਕ ਆਨੰਦ ਦਾ ਵਸੀਲਾ) ਨਾ ਸਮਝੇ । ਨਾਨਕ ਆਖਦਾ ਹੈ-ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ-ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ ਸਕਦਾ ਹੈ)
ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ੧੧,੧੨,੧੬,੩੨,ਅਤੇ ੩੯ ਨੰਬਰ ਵਾਰ ਵਿੱਚ ਬਹੁਤ ਵਿਸਥਾਰ ਨਾਲ ਸਿੱਖ ਦੀ ਪ੍ਰੀਭਾਸ਼ਾ ਦਾ ਵਰਨਨ ਕੀਤਾ ਹੈ ਜੋ ਪਾਠਕ ਆਪ ਪੜ ਸਕਦੇ ਹਨ| ਗੁਰਬਾਣੀ ਮੁਤਾਬਿਕ ਤਾਂ ਅਸਲੀ ਸਿੱਖ ਗੁਰੂ ਦਾ ਹੀ ਰੂਪ ਹੈ “ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥“ ਗੁਰਬਾਣੀ ਮੁਤਾਬਿਕ ਗੁਰਸਿਖਾਂ ਦੇ ਹਿਰਦੇ ਵਿੱਚ ਸਤਗੁਰੁ ਵੱਸਦਾ ਹੈ “ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥ ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥ {ਪੰਨਾ 312}ਇਸ ਤੋਂ ਇਲਾਵਾ ਬਾਣੀ ਵਿੱਚ ਸਿਖਾਂ ਨੂ ਗੁਰੂ ਦੀ ਸੰਤਾਨ ਵੀ ਕਿਹਾ ਗਿਆ ਹੈ ਭਾਵ ਗੁਰੂ ਦਾ ਸਿੱਖ ਉਸ ਦੀ ਸਿਖਿਆ ਨਾਲ ਨਵਾਂ ਜਨਮ ਲੈਂਦਾ ਹੈ  “ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥ ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥ {ਪੰਨਾ 312}” “ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ {ਪੰਨਾ 940}” “ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥ {ਪੰਨਾ 1310}
ਅੱਜ ਸਿੱਖ ਵੀ ਕਈ ਕਿਸਮ ਦੇ ਹੋ ਗਏ ਹਨ, ਕੋਈ ਸਹਜਧਾਰੀ ਸਿੱਖ (ਜਿਸ ਦੀ ਦਾਸ ਨੂ ਅੱਜ ਤੱਕ ਸਮਜ ਨਹੀਂ ਆਈ ), ਜੱਟ ਸਿੱਖ, ਕੰਬੋ ਸਿੱਖ, ਰਾਮਗੜੀਆ ਸਿੱਖ, ਸੈਨੀ ਸਿੱਖ, ਭਾਪਾ ਸਿੱਖ, ਅਰੋੜਾ ਸਿੱਖ,ਚਮਾਰ ਸਿੱਖ, ਲੁਬਾਣਾ ਸਿੱਖ ਤੇ ਹੋਰ ਪਤਾ ਨਹੀਂ ਕੌਣ ਕੌਣ| ਅਸੀਂ ਇਹ ਸਭ ਤਾਂ ਬਣ ਗਏ ਪਰ ਜਿਹੜਾ ਸਿੱਖ ਗੁਰੂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਕਿਤੇ ਦੂਰ ਚਲੇ ਗਏ | ਆਓ ਗੁਰੂ ਦੀ ਗਲ ਮਨੀਏ, ਬਾਣੀ ਪੜੀਏ , ਵਿਚਾਰੀਏ , ਗੁਰੂ ਦੇ ਦੱਸੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਗੁਰੂ ਦੇ ਸਿੱਖ ਬਣੀਏ |
ਭੁੱਲ ਚੁੱਕ ਦੀ ਖਿਮਾ .......ਵਰਿੰਦਰ ਸਿੰਘ

No comments:

Post a Comment