ਸਤਿਨਾਮੁ
ਪ੍ਰੋ:
ਸਾਹਿਬ ਸਿੰਘ ਜੀ ‘ਦਰਪਨ’ ਵਿੱਚ ‘ਸਤਿਨਾਮੁ’ ਦੇ ਅਰਥ ਲਿਖਦੇ ਹਨ: ਸਤਿਨਾਮੁ- ਜਿਸ ਦਾ ਨਾਮ 'ਸਤਿ' ਹੈ । ਲਫ਼ਜ਼ 'ਸਤਿ' ਦਾ ਸੰਸਕ੍ਰਿਤ ਸਰੂਪ 'ਸਤਯ' ਹੈ, ਇਸ ਦਾ ਅਰਥ ਹੈ 'ਹੋਂਦ ਵਾਲਾ'। ਇਸ ਦਾ ਧਾਤੂ 'ਅਸ' ਹੈ, ਜਿਸ ਦਾ ਅਰਥ ਹੈ 'ਹੋਣਾ'। ਸੋ 'ਸਤਿਨਾਮ' ਦਾ ਅਰਥ ਹੈ "ਉਹ ਇੱਕ ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ"। ਸਭ ਨੂੰ
ਪਤਾ ਹੈ ਕੇ ਉਸ ਦਾ ਨਾਮ ‘ਸਤਿ’ ਹੈ, ਸਦਾ ਰਹਿਣ ਵਾਲਾ ਹੈ ਪਰ ਇਸ ਦਾ ਅਸਲ ਮਤਲਬ ਕੀ
ਹੈ? ਅਸੀਂ
ਉਸ ਦੇ ਕਈ ਨਾਮ ਆਪਣੀ-ਆਪਣੀ ਮੱਤ ਮੁਤਾਬਿਕ ਰੱਖ ਦਿੱਤੇ, ਕੋਈ ਉਸ ਨੂੰ ‘ਵਾਹੇਗੁਰੂ’ ਕਹਿੰਦਾ ਹੈ ‘ਤੇ ਕੋਈ ਅਕਾਲਪੁਰਖ, ਕੋਈ ਰਾਮ, ਰਹੀਮ, ਗੋਬਿੰਦ, ਅੱਲਾ, ਗੌਡ, ਜੀਸਸ ਅਤੇ ਹੋਰ ਬਹੁਤ ਕੁੱਝ ਪਰ ਜਦੋਂ ਉਸ ਨੂੰ
ਇਹ ਨਾਮ ਨਹੀਂ ਦਿੱਤੇ ਗਏ ਸਨ ਉਹ ਤਾਂ ਓਦੋਂ ਵੀ ਸੀ ‘ਤੇ ਹਮੇਸ਼ਾਂ ਰਹੇਗਾ, ਇਸੇ ਲਈ ਉਸ ਦਾ ਅਸਲੀ ਨਾਮ ‘ਸਤਿਨਾਮ’ ਹੀ ਹੈ ਜੋ ਸਦਾ ‘ਸਤਿ’ ਹੈ| ਮਾਰੂ ਰਾਗ ਵਿੱਚ ਗੁਰੂ ਅਰਜਨ ਪਾਤਿਸ਼ਾਹ ਦਾ
ਬਹੁਤ ਸੁੰਦਰ ਵਾਕ ਹੈ:
ਕਿਰਤਮ ਨਾਮ ਕਥੇ ਤੇਰੇ ਜਿਹਬਾ ॥ਸਤਿ ਨਾਮੁ ਤੇਰਾ ਪਰਾ ਪੂਰਬਲਾ ॥
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥
ਅਰਥ:
ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ
ਜੀਵਾਂ ਨੇ) ਬਣਾਏ ਹੋਏ ਹਨ।ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ
ਸੀ)।ਨਾਨਕ! ਆਖਦਾ ਹੈ (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ
॥੨੦॥
ਉਸ
ਦਾ ਹੁਕਮ ਅਟੱਲ ਹੈ, ਉਸ ਦਾ ਨਿਯਮ ਹਮੇਸ਼ਾਂ ਸੱਚ ਹੈ, ਸੂਰਜ, ਚੰਦ, ਹਵਾ, ਅਗਨੀ , ਅਕਾਸ਼, ਬਨਸਪਤੀ ਅਤੇ ਜੀਵ-ਜੰਤ ਸਭ ਉਸ ਦੇ ਹੁਕਮ ਵਿੱਚ
ਹਨ। ਸਿਰਫ ਮਨੁੱਖ ਹੀ ਇੱਕ ਜੀਵ ਹੈ ਜਿਹੜਾ ਉਸਦੇ ਹੁਕਮ ਵਿੱਚ ਆਉਣ ਨੂੰ ਤਿਆਰ ਨਹੀਂ ਹੈ, ਗੁਰਬਾਣੀ ਬਾਰ-ਬਾਰ ਮਨੁੱਖ ਨੂੰ ਹੁਕਮ ਵਿੱਚ
ਚੱਲਣ ਦੀ ਸਿੱਖਿਆ ਦਿੰਦੀ ਹੈ। ਗੁਰਬਾਣੀ ਨੂੰ ਪੜ੍ਹਨਾ ‘ਤੇ ਵਿਚਾਰਨਾ ਵੀ ਇਸੇ ਕਰਕੇ ਹੈ ਤਾਂ ਕੇ
ਸਾਨੂੰ ਸਮਝ ਆ ਸਕੇ ਕੇ ਸਚਿਆਰਾ ਮਨੁੱਖ ਕਿਵੇਂ ਬਣਨਾ ਹੈ ਅਤੇ ਉਸ ਸੱਚੇ ਨਾਲ ਕਿਵੇਂ ਜੁੜਨਾ ਹੈ।
ਅੱਜ ਸਾਡੀ ਬਦਕਿਸਮਤੀ ਇਹ ਹੈ ਕੇ ਅਸੀਂ ਗੁਰੂ ਕੋਲੋਂ ਗਿਆਨ ਲੈਣ ਦੀ ਜਗ੍ਹਾ ਉੱਤੇ ਉਸ ਦੇ ਸ਼ਬਦਾਂ
ਨੂੰ ਹੀ ਬਾਰ-ਬਾਰ ‘ਨਾਮ ਜਪਣ’ ਦੇ ਨਾਮ ‘ਤੇ ਰਟੀ ਜਾ ਰਹੇ ਹਾਂ। ਕੋਈ ‘ਇੱਕ ਓਅੰਕਾਰ’, ਕੋਈ ‘ਵਾਹੇਗੁਰੂ’ ਕੋਈ ‘ਸਤਿਨਾਮੁ’ ‘ਤੇ ਕੋਈ ਪੂਰੇ ਮੂਲਮੰਤਰ ਦਾ ਜਾਪ ਕਰੀ ਜਾ
ਰਿਹਾ ਹੈ ਪਰ ਰੱਬ ਦੇ ਕਿਸੇ ਵੀ ਗੁਣ ਨੂੰ ਆਪਣੇ ਅੰਦਰ ਵਸਾਉਣ ਵਾਸਤੇ ਤਿਆਰ ਨਹੀਂ ਹੈ। ਅਸਲ ਵਿੱਚ
ਉਸ ਦੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰ ਕੇ ਜੀਵਨ ਗੁਜ਼ਰਨਾ ਹੀ ਉਸ ਦਾ ਨਾਮ ਜਪਣਾ ਹੈ।
ਸਤਿਨਾਮੁ
ਵਾਲਾ ਗੁਣ ਅਸੀਂ ਕਿਵੇਂ ਧਾਰਨ ਕਰ ਸਕਦੇ ਹਾਂ? ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ
ਪਉੜੀ ਹੈ:
ਮਃ ੧ ॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ ਤਨੁ ਕਰੇ
ਹਛਾ ਧੋਇ॥
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ
ਦੁਆਰੁ॥
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ
ਬੀਉ॥
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ
ਕਰੇਇ॥
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥ ਸਤਿਗੁਰੂ ਨੋ ਪੁਛਿ ਕੈ ਬਹਿ
ਰਹੈ ਕਰੇ ਨਿਵਾਸੁ॥
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ
॥੨॥
{ਪੰਨਾ 468}
ਅਰਥ:-
(ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ
ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿਚ ਟਿਕ ਜਾਏ । ਤਦੋਂ ਮਾਇਆ ਛਲ ਦਾ ਅਸਰ
ਮਨ ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ ਵਲੋਂ ਹਟ
ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ ।(ਮਾਇਆ ਛਲ
ਵਲੋਂ ਮਨ ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ
ਹੈ, ਜਦ
ਮਨੁੱਖ ਉਸ ਅਸਲੇ ਵਿਚ ਮਨ ਜੋੜਦਾ ਹੈ, (ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ
ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ
ਹੈ ।ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ)
ਜੁਗਤੀ ਜਾਣਦਾ ਹੋਵੇ, ਭਾਵ, ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿਚ
ਪ੍ਰਭੂ ਦਾ ਨਾਮ ਬੀਜ ਦੇਵੇ ।ਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ ਸਿੱਖਿਆ (ਗੁਰੂ ਪਾਸੋਂ) ਲਏ ਅਤੇ
(ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ (ਲੋੜਵੰਦਾਂ ਨੂੰ)
ਕੁਝ ਦਾਨ ਪੁੰਨ ਕਰੇ ।ਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ
ਧੁਰ ਅੰਦਰਲੇ ਤੀਰਥ ਉੱਤੇ ਟਿਕੇ, ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ
ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ ।ਨਾਨਕ ਅਰਜ਼ ਕਰਦਾ ਹੈ
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ, ਉਨ੍ਹਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ
ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ)
ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ) ।2।
ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਮਨੁੱਖ ਨੂੰ ਇੱਕ ਸਚਿਆਰਾ ਮਨੁੱਖ ਬਨਣ ਦੀ ਰਾਹ ਦਿਖਾਉਂਦੀ
ਹੈ। ਆਓ ਸੱਚ ਨਾਲ ਸਾਂਝ ਪਾ ਕੇ ਸੱਚੀ-ਸੁੱਚੀ ਕਮਾਈ ਕਰੀਏ। ਕੰਮ ਕੋਈ ਵੀ ਹੋਵੇ ਇਮਾਨਦਾਰੀ ਵਾਲਾ
ਹੋਵੇ ਅਤੇ ਸੱਚਾ-ਸੁੱਚਾ ਹੋਵੇ। ਗੁਰਬਾਣੀ ਨੂੰ ਸਿਰਫ ਪੜ੍ਹੀਏ ਹੀ ਨਾ, ਵਿਚਾਰੀਏ ਵੀ ਤਾਂ ਜੋ ਉਸ ਨਾਲ ਸਾਂਝ ਪਾਈ ਜਾ
ਸਕੇ। ਅੱਜ ਸੁਖਮਨੀ ਸਾਹਿਬ ਜੀ ਦੇ ਪਾਠ ਹਰ ਗੁਰਦਵਾਰੇ ਵਿੱਚ ਹਫਤੇ ਵਿੱਚ ਦੋ-ਦੋ, ਤਿੰਨ-ਤਿੰਨ ਵਾਰ ਹੋ ਰਹੇ ਹਨ, ਬੀਬੀਆਂ ਬਹੁਤ ਉਤਸ਼ਾਹ ਨਾਲ ਪਾਠ ਕਰਦੀਆਂ ਹਨ।
ਆਓ ਪਾਠ ਕਰਨ ਦੇ ਨਾਲ-ਨਾਲ ਇਸ ਨੂੰ ਵਿਚਾਰੀਏ ਵੀ:
ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ ਪੁਰਖੁ ਸਤਿ ਕੇਵਲ ਪਰਧਾਨੁ ॥
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ ਸਤਿ ਪੁਰਖ ਸਭ ਮਾਹਿ ਸਮਾਣੀ ॥
ਸਤਿ ਕਰਮੁ ਜਾ ਕੀ ਰਚਨਾ ਸਤਿ ॥ ਮੂਲੁ ਸਤਿ ਸਤਿ ਉਤਪਤਿ ॥
ਸਤਿ ਕਰਣੀ ਨਿਰਮਲ ਨਿਰਮਲੀ ॥ ਜਿਸਹਿ ਬੁਝਾਏ ਤਿਸਹਿ ਸਭ ਭਲੀ ॥
ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥
ਅਰਥ:-
ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ, ਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ
ਹੈ ।ਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ (ਭਾਵ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ
ਦੇ ਕੰਮ ਵੀ ਅਟੱਲ ਹਨ ।ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ (ਭਾਵ, ਅਧੂਰੀ ਨਹੀਂ), ਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ ।ਪ੍ਰਭੂ ਦੀ ਮਹਾ
ਪਵ੍ਰਿਤ ਰਜ਼ਾ ਹੈ, ਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ
(ਲੱਗਦੀ ਹੈ) ।ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ । ਹੇ ਨਾਨਕ! (ਜੀਵ ਨੂੰ) ਇਹ
ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ।6।
ਉਸ
ਦੇ ਹੁਕਮ ਵਿੱਚ ਰਹਾਂਗੇ ‘ਤੇ ਹਮੇਸ਼ਾ ਸੁੱਖ ਮਾਣਾਂਗੇ ਨਹੀਂ ਤਾਂ ਸੁੱਖਾਂ ਦੀ ਮਨੀ
ਕਹਿ-ਕਹਿ ਕੇ ਜਿੰਨੇ ਮਰਜ਼ੀ ਪਾਠ ਕਰੀ ਜਾਵੋ ਕਦੇ ਸੁੱਖ ਨਸੀਬ ਨਹੀਂ ਹੋਵੇਗਾ।
ਭੁੱਲ
ਚੁੱਕ ਦੀ ਖਿਮਾਂ,
ਵਰਿੰਦਰ
ਸਿੰਘ (ਗੋਲਡੀ)।
No comments:
Post a Comment