Wednesday, May 8, 2013

ਸਚਖੰਡ ਕਿਥੇ ਹੈ ?



ਸਚਖੰਡ ਕਿਥੇ ਹੈ ?
ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਮਰੇ ਹੋਏ ਸਾਧਾਂ ਦੀਆਂ ਜਦੋਂ ਬਰਸੀਆਂ ਮਨਾਈਆਂ ਜਾਂਦੀਆਂ ਹਨ ਤਾਂ ਇਸ਼ਤਿਹਾਰ ‘ਤੇ ਲਿਖਿਆ ਹੁੰਦਾ ਹੈ ਸਚਖੰਡ ਵਾਸੀ, ਸੰਪੂਰਨ ਬ੍ਰਹਮਗਿਆਨੀ ੧੦੦੮ ਸੰਤ ਬਾਬਾ ...ਫਲਾਨਾ ਸਿੰਘ ਜੀ ਫਲਾਨੇ ਵਾਲੇ। ਕਈ ਸਾਧਾਂ ਦੇ ਡੇਰਿਆਂ ‘ਤੇ ਵੀ ਲਿਖਿਆ ਮਿਲ ਜਾਵੇਗਾ ਸਚਿ ਖੰਡਿ ਵਸੈ ਨਿਰੰਕਾਰੁ
ਕੀ ਹੈ ਇਹ ਸੱਚਖੰਡ ? ਕਿੱਥੇ ਹੈ ਇਹ ਸੱਚਖੰਡ ? ਆਮ ਆਦਮੀ ਸ਼ਾਇਦ ਸੱਚਖੰਡ ਨੂੰ ਬ੍ਰਾਹਮਣ ਦਾ ਰਚਿਆ ਸਵਰਗ ਹੀ ਸਮਝਦਾ ਹੈ, ਜਿੱਥੇ ਚੰਗੇ ਕਰਮ ਕਰਨ ਵਾਲੇ ਜਾਂ ਬ੍ਰਾਹਮਣ ਦੇ ਕਹੇ ਮੁਤਾਬਿਕ ਦਾਨ, ਪੁੰਨ ਜਾਂ ਕਰਮ ਕਾਂਡ ਕਰਨ ਵਾਲੇ ਬੰਦੇ ਮਰਨ ਤੋਂ ਬਾਅਦ ਜਾਂਦੇ ਹਨ ਪਰ ਗੁਰਬਾਣੀ ਤਾਂ ਇਸ ਤਰ੍ਹਾਂ ਦੇ ਸਵਰਗ-ਨਰਕ ਨੂੰ ਮੰਨਦੀ ਹੀ ਨਹੀਂ। ਗੁਰਬਾਣੀ ਮੁਤਾਬਿਕ ਤਾਂ ਉਹ ਸਵਰਗ ਅਤੇ ਨਰਕ ਇਸੇ ਦੁਨੀਆ ਵਿਚ ਹਨ:
ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ॥ ਨਰਕ ਸੁਰਗ ਫਿਰਿ ਫਿਰਿ ਅਉਤਾਰਾ॥ ੩ ॥
ਕਹੁ ਨਾਨਕ ਜੋ ਲਾਇਆ ਨਾਮ॥ ਸਫਲ ਜਨਮੁ ਤਾ ਕਾ ਪਰਵਾਨ” (ਪੰ: 389)
ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥
ਹਉਮੈ ਆਵੈ ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥
ਬਾਝੁ ਗੁਰੂ ਗੁਬਾਰਾ॥ ਮਿਲਿ ਸਤਿਗੁਰ ਨਿਸਤਾਰਾ” (ਪੰ: 1003)
ਜਿਹੜੇ ਮਨੁੱਖ ਗੁਰੂ ਦੀ ਮੱਤ ‘ਤੇ ਚੱਲ ਪੈਂਦੇ ਹਨ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਮਨੁੱਖਾ ਜਨਮ ਮਿਲਿਆ ਹੀ ਉਸ ਅਕਾਲਪੁਰਖ ਨਾਲ ਸਾਂਝ ਪਾ ਕੇ ਉਸ ਨਾਲ ਇੱਕ-ਮਿੱਕ ਹੋਣ ਵਾਸਤੇ ਹੈ:
“ਭਈ ਪਰਾਪਤਿ ਮਾਨੁਖ ਦੇਹੁਰੀਆਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
ਅਤੇ ਉਹਨਾਂ ਦਾ ਸਵਰਗ-ਨਰਕ ਬਾਰੇ ਬਹੁਤ ਸਪੱਸ਼ਟ ਫੈਸਲਾ ਹੁੰਦਾ ਹੈ:
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ (ਪੰ: 1370)
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ (ਪੰ: 337)
ਫਿਰ ਇਹ ਲੋਕ ਕਿਵੇਂ ਕਹਿ ਸਕਦੇ ਹਨ ਕਿ ‘ਸਾਡੇ ਬਾਬਾ ਜੀ ਤਾਂ ਸੱਚਖੰਡ ਵਿੱਚ ਬੈਠੇ ਹਨ।’ ਕਈ ਵਾਰ ਸੋਚੀਦਾ ਹੈ ਕਿ ਉੱਥੇ ਤਾਂ ਬਹੁਤ ਭੀੜ ਹੋਣੀ ਹੈ, ਐਨੇ ਪਾਖੰਡੀਆਂ ਵਿੱਚੋਂ ਤਾਂ ਬਾਬੇ ਨਾਨਕ ਨੂੰ ਲੱਭਣਾ ਬਹੁਤ ਔਖਾ ਹੁੰਦਾ ਹੋਣਾ ਉੱਥੇ ਜਾ ਕੇ...! ਅਸਲ ਵਿੱਚ ਸਿੱਖ ਨੇ ਕਿਸੇ ਸੱਚਖੰਡ ਵਿੱਚ ਮਰਨ ਤੋਂ ਬਾਅਦ ਨਹੀਂ ਜਾਣਾ ਸਗੋਂ ਜਿਉਂਦੇ ਜੀਅ ਐਥੇ ਹੀ ਸੱਚਖੰਡ ਬਣਾਉਣਾ ਹੈ। ਆਓ ਜਪੁਜੀ ਦੀ ਉਸ ਪਉੜੀ ਦੀ ਵਿਚਾਰ ਕਰੀਏ:
ਸਚਿ ਖੰਡਿ ਵਸੈ ਨਿਰੰਕਾਰੁ॥ਕਰਿ ਕਰਿ ਵੇਖੇ, ਨਦਰਿ ਨਿਹਾਲ॥
ਤਿਥੈ, ਖੰਡ ਮੰਡਲ ਵਰਭੰਡ॥ ਜੇ ਕੋ ਕਥੈ, ਤ ਅੰਤ ਨ ਅੰਤ॥
ਤਿਥੈ, ਲੋਅ ਲੋਅ ਆਕਾਰ॥ ਜਿਵ ਜਿਵ ਹੁਕਮ ਤਿਵੈ ਤਿਵ ਕਾਰ॥
 ਵੇਖੈ ਵਿਗਸੈ, ਕਰਿ ਵੀਚਾਰੁ॥ ਨਾਨਕ, ਕਥਨਾ ਕਰੜਾ ਸਾਰੁ॥ 37॥
ਅਰਥ : ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ, (ਜਿਨ੍ਹਾਂ ਸਭਨਾਂ ਵਿਚ)ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)।(ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੩੭॥
ਜਿਸ ਮਨੁੱਖ ਨੇ ਆਪਣੀ ਮੱਤ ਨੂੰ ਗੁਰੂ ਅਨੁਸਾਰ ਢਾਲ ਲਿਆ ਅਤੇ ਗੁਰੂ ਦੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ ਉਹ ਸੱਚਖੰਡ ਦਾ ਵਾਸੀ ਹੋ ਨਿਬੜਦਾ ਹੈ। ਇਹ ਕੰਮ ਕੋਈ ਐਨਾ ਸੌਖਾ ਵੀ ਨਹੀਂ ਹੈ, ਇਸ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਅਥਾਹ ਮਿਹਨਤ ਕਰਨੀ ਪੈਂਦੀ ਹੈ। ਆਪਣੀ ਹਉਮੈ ਦਾ ਤਿਆਗ ਕਰ ਕੇ, ਵਿਕਾਰਾਂ ਤੋਂ ਖਲਾਸੀ ਪਾਉਣੀ ਅਤੇ ਗੁਣਾਂ ਨੂੰ ਧਾਰਨ ਕਰਨ ਨਾਲ ਹੀ ਸੱਚਖੰਡ ਵਾਸੀ ਬਣਿਆ ਜਾ ਸਕਦਾ ਹੈ। ਉਸ ਮਨੁੱਖ ਦੇ ਫੁਰਨੇ ਹਮੇਸ਼ਾਂ ਵਾਸਤੇ ਖਤਮ ਹੋ ਜਾਂਦੇ ਹਨ ਅਤੇ “ਹੁਕਮ ਰਜਾਈ ਚਲਣਾ” ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਇਸ ਪਉੜੀ ਵਿੱਚ ਕਹਿ ਰਹੇ ਹਨ, ਉਸ ਦੀ ਇਸ ਅਵਸਥਾ ਦਾ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਆਓ ਝੂਠੇ ਸੱਚਖੰਡ ਦੀ ਪ੍ਰਾਪਤੀ ਵਾਸਤੇ ਬ੍ਰਾਹਮਣੀ ਕਰਮਕਾਂਡ ਛੱਡ ਕੇ ਅਸਲੀ ਸੱਚਖੰਡ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰੀਏ:
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥
ਸਿੱਖ ਨੇ ਦੁਨੀਆਂ ਵਿੱਚ ਵਿਚਰਦੇ ਅਤੇ ਦੁਨਿਆਵੀ ਕੰਮ ਕਰਦੇ ਹੀ ਮੁਕਤੀ ਦਾ ਰਸਤਾ ਫੜ੍ਹਨਾ ਹੈ।
ਭੁੱਲ ਚੁੱਕ ਦੀ ਖਿਮਾਂ,
ਵਰਿੰਦਰ ਸਿੰਘ

“ਗਜ ਸਾਢੇ ਤੈ ਤੈ ਧੋਤੀਆ”



“ਗਜ ਸਾਢੇ ਤੈ ਤੈ ਧੋਤੀਆ”

ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥

ਅਰਥ:- (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ।1 ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ।1ਰਹਾਉ। (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ।2 ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀ ਮਾਇਆ ਦੇ ਨੇੜੇ ਨਹੀਂ ਛੋਂਹਦੇ । ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ।3 (ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ । ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ।4

ਵਿਚਾਰ : ਭਗਤ ਕਬੀਰ ਜੀ ਉਸ ਸਮੇ ਦੇ ਬ੍ਰਾਹਮਿਨ ਦੇ ਬਾਰੇ ਕਹ ਰਹੇ ਹਨ ਜੋ ਆਪਣੇ ਆਪ ਨੂ ਸੰਤ ਕਹਾਉਂਦੇ ਸਨ ਕੇ ਸਿਰਫ ਲਮੀਆਂ ਲਮੀਆਂ ਧੋਤੀਆਂ ਪਾਉਣ ਨਾਲ ਜਾਂ ਤਿਹਰੇ ਜਨੇਊ ਪਾਉਣ ਨਾਲ ਜਾਂ ਹੱਥ ਵਿਚ ਲੋਟੇ ਅਤੇ ਗਲ ਵਿਚ ਮਾਲਾ ਪਾਉਣ ਨਾਲ ਕੋਈ ਭਗਤ ਨਹੀਂ ਬਣ ਜਾਂਦਾ| ਏਹੋ ਜਿਹੇ ਲੋਕ ਪੈਸੇ ਵਾਸਤੇ ਕਿਸੇ ਨੂ ਜਾਨੋ ਮਾਰਨ ਲਗਿਆਂ ਵੀ ਨਹੀਂ ਸੋਚਦੇ| ਆਓ ਭਗਤ ਕਬੀਰ ਜੀ ਦੇ ਇਸ ਸ਼ਬਦ ਦੀ ਅੱਜ ਦੇ ਹਲਾਤਾਂ ਨਾਲ ਤੁਲਨਾ ਕਰੀਏ| ਅੱਜ ਪੰਜਾਬ ਵਿਚ ੧੬੦੦੦ ਦੇ ਕਰੀਬ ਏਹੋ ਜਿਹੇ ਸੰਤ ਹਰਲ ਹਰਲ ਕਰਦੇ ਫਿਰਦੇ ਹਨ ਫਰਕ ਸਿਰਫ ਇਤਨਾ ਹੈ ਕੇ ਜਨੇਊ ਦੀ ਜਗਾਹ ਉਤੇ ਗਾਤਰੇ ਪਾਏ ਹੋਏ ਹਨ ਮਾਲਾ ਅਤੇ ਲੋਟੇ ਤਾਂ ਬਹੁਤੇ ਇਹ ਵੀ ਚੱਕੀ ਫਿਰਦੇ ਹਨ, ਧੋਤੀਆਂ ਦੀ ਜਗਾਹ ਲੰਬੇ ਲੰਬੇ ਚੋਲਿਆਂ ਨੇ ਲੈ ਲਈ ਹੈ ਅਤੇ ਸਿਰ ਉਤੇ ਗੋਲ ਪੱਗ| ਬੰਦਾ ਮਾਰਨ ਨੂ ਇਹ ਵੀ ਮਿੰਟ ਨਹੀਂ ਲਾਉਂਦੇ ਨਹੀਂ ਤਾਂ ਅਦਾਲਤਾਂ ਵਿਚ ਇਹਨਾ ਦੇ ਚਲਦੇ ਕੇਸ ਵੇਖ ਲਵੋ, ਮਾਇਆ ਵਿਚ ਇਹ ਗ੍ਰਸੇ ਪਾਏ ਹਨ ਕਹਨ ਨੂ ਬ੍ਰਹਮਚਾਰੀ ਕਹਾਉਂਦੇ ਹਨ ਪਰ ਕਈਆਂ ਉਤੇ ਰੇਪ ਦੇ ਕੇਸ ਚੱਲ ਰਹੇ ਹਨ|
ਅਗਲੀ ਤੁੱਕ ਵਿਚ ਕਬੀਰ ਸਾਹਿਬ ਇਹਨਾ ਦੀ  ਸੁੱਚ ਭਿੱਟ ਬਾਰੇ ਦਸਦੇ ਹਨ ਕੇ ਕਿਵੇਂ ਜਮੀਨ ਪੁੱਟ ਪੁੱਟ ਕੇ ਚੁੱਲੇ ਬਣਾਉਂਦੇ ਹਨ ਅਤੇ ਲਕੜੀਆਂ ਵੀ ਢੋ ਢੋ ਕੇ ਬਲਦੇ ਹਨ| ਅੱਜ ਵੀ ਬਹੁਤ ਸਾਰੇ ਅਖੰਡ ਕੀਰਤਨੀਆਂ ਵਰਗੇ ਤੁਹਾਨੂ ਇਸ ਤਰਾਂ ਕਰਨ ਵਾਲੇ ਆਪਣੇ ਆਪ ਨੂ ਸਿੱਖ ਕਹਾਉਣ ਵਾਲੇ ਬ੍ਰਾਹਮਿਨ ਮਿਲ ਜਾਣਗੇ ਜੋ ਸੰਗਤ ਦੇ ਨਾਲ ਬੈਠ ਕੇ ਪ੍ਰਸ਼ਾਦਾ ਵੀ ਨਹੀਂ ਛੱਕ ਸਕਦੇ, ਆਪਣਾ ਪ੍ਰਸ਼ਾਦਾ ਆਪ ਬਣਾਉਂਦੇ ਹਨ ਅਤੇ ਲੋਹੇ ਦੇ ਭਾਂਡਿਆਂ ਤੋਂ ਬਿਨਾ ਖਾਂਦੇ ਨਹੀਂ| ਕੀ ਇਹ ਗੁਰੂ ਦੇ ਲੰਗਰ ਦੀ ਬੇਅਦਬੀ ਨਹੀਂ ਹੈ ? ਗੁਰਬਾਣੀ ਦੀ ਤਾਂ ਸ਼ੁਰੁਆਤ ਹੀ ਗੁਰੂ ਨਾਨਕ ਸਾਹਿਬ ਨੇ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥“ ਤੋਂ ਕੀਤੀ ਹੈ, ਕੀ ਗੁਰੂ ਨਾਨਕ ਸਾਹਿਬ ਆਪਣੇ ਨਾਲ ਲੋਹੇ ਦੇ ਭਾਂਡੇ ਚੱਕੀ ਫਿਰਦੇ ਸੀ ਹਰ ਜਗਾਹ ਉਤੇ, ਫਿਰ ਤਾਂ ਵਿਚਾਰਾ ਮਰਦਾਨਾ ਇਸੇ ਕਮ ਤੇ ਲਗਿਆ ਰਹੰਦਾ|
ਇਸ ਤੋਂ ਅਗੇ ਭਗਤ ਜੀ ਇਹਨਾ ਮਨੁਖਾਂ ਬਾਰੇ ਦਸਦੇ ਹਨ ਕਹਨ ਨੂ ਤਾਂ ਇਹ ਮਾਇਆ ਦੇ ਬੰਦਨਾ ਨੂ ਤਿਆਗ ਚੁੱਕੇ ਹਨ ਕਹੰਦੇ ਹਨ ਕੇ ਅਸੀਂ ਮਾਇਆ ਨੂ ਹਥ ਨਹੀਂ ਲਾਉਂਦੇ, ਅੱਜ ਤੁਹਾਨੂ ਨਾਨਕਸਰ ਸੰਪਰਦਾ ਵਰਗੇ ਕਈ ਮਿਲ ਜਾਣਗੇ ਜੋ ਬਿਲਕੁਲ ਆਹੀ ਕਹੰਦੇ ਹਨ ਕੇ ਅਸੀਂ ਮਾਇਆ ਨੂ ਬਿਲਕੁਲ ਨਹੀਂ ਛੋਹਂਦੇ, ਹਾਂ ਰੁਪਿਆ ਦੋ ਰੁਪਿਆ ਨਹੀਂ ਲੈਂਦੇ ਇਹ ਲੋਕ ਲਖਾਂ ਵਿਚ ਮਾਇਆ ਲੈਂਦੇ ਹਨ, ਨਹੀਂ ਤਾਂ ੩੦੦ ਏਕੜ ਦੀ ਜਮੀਨ ਕਿਥੋਂ ਆ ਗਈ| ਦੂਜੀ ਗਲ ਮਾਇਆ ਸਿਰਫ ਪੈਸਾ ਹੀ ਨਹੀਂ ਹੁੰਦੀ ਜਿਹੜਾ ਫੁਲੀਆਂ ਦਾ ਪ੍ਰਸ਼ਾਦ ੧੦ ਰੁਪਏ ਦਾ ਬਾਹਰ ਵਿਕਦਾ ਹੈ ਓਹ ਕੀ ਹੈ? ਜਿਹੜੇ ਕਪੜੇ ਅਤੇ ਹੋਰ ਸਮਾਨ ਇਹ ਸੰਪਟ ਪਾਠ ਦੀ ਆੜ ਵਿਚ ਲੈਂਦੇ ਹਨ ਓਹ ਕੀ ਹੈ?
ਅਖੀਰ ਵਿਚ ਭਗਤ ਕਬੀਰ ਜੀ ਇਹਨਾ ਦੇ ਅਹੰਕਾਰ ਦਾ ਜਿਕਰ ਕਰਦੇ ਹਨ ਕੇ ਕਿਵੇਂ ਇਹ ਆਪ ਤਾਂ ਡੁਬਦੇ ਹਨ ਨਾਲ ਆਪਣੇ ਸਾਥੀਆਂ ਨੂ ਵੀ ਡੋਬ ਦੇਂਦੇ ਹਨ| ਅੱਜ ਕਿਨੇ ਏਹੋ ਜਿਹੇ ਬਾਬੇ ਹਨ ਜਿਨਾ ਦਾ ਅਹੰਕਾਰ ਓਹਨਾ ਦੀ ਕਿਸੇ ਵੀ ਟੇਪ ਜਾਂ ਸੀਡੀ ਵਿਚੋਂ ਵੇਖਿਆ ਜਾ ਸਕਦਾ ਹੈ...ਹਰ ਗਲ ਤੇ ਮੈ ਇਹ ਕੀਤਾ ਮੈ ਓਹ ਕੀਤਾ ..ਇਹ ਲੋਕ ਲੱਖਾਂ ਕਰੋੜਾਂ ਨੂ ਆਪਣੇ ਨਾਲ ਡੋਬ ਰਹੇ ਹਨ|
ਅੰਤ ਵਿਚ ਭਗਤ ਕਬੀਰ ਜੀ ਮਨੁੱਖ ਨੂ ਸਮਝਾ ਰਹੇ ਹਨ ਕੇ ਉਸ ਇਕ ਸਚੇ ਅਕਾਲਪੁਰਖ ਦੇ ਹੁਕਮ ਵਿਚ ਚੱਲ ਤਾਂ ਕੇ ਤੇਰਾ ਜਨਮ ਮਰਨ ਦਾ ਗੇੜ ਕਟਿਆ ਜਾਵੇ| ਹਰ ਕੋਈ ਬੰਦਾ ਉਸ ਦੇ ਕੀਤੇ ਕਰਮਾ ਦਾ ਫਲ ਭੁਗਤ ਰਿਹਾ ਹੈ ਦਿਨ ਵਿੱਚ ਸੌ ਸੌ ਵਾਰ ਮਰਦਾ ਹੈ| ਪਰ ਜਿਹੜਾ ਗੁਰੂ ਦੀ ਮੱਤ ਨੂ ਧਾਰਣ ਕਰ ਲੈਂਦਾ ਹੈ ਓਹ ਇਸ ਚੱਕਰ ਵਿਚੋਂ ਨਿਕਲ ਜਾਂਦਾ ਹੈ ਅਤੇ ਹੁਕਮ ਰਜਾਈ ਚੱਲਣ ਲਗ ਪੈਂਦਾ ਹੈ| ...ਭੁੱਲ ਚੁੱਕ ਦੀ ਖਿਮਾ ...ਵਰਿੰਦਰ ਸਿੰਘ

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥



ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥ ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥ {ਪੰਨਾ 135}
ਅਰਥ:- ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ । ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ । ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ । ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ, (ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ । (ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ । (ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ । (ਨਾਨਕ ਦੀ ਤਾਂ ਇਹੀ ਬੇਨਤੀ ਹੈ-) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ । ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ।9
ਅੱਜ ਕੱਤਕ ਦਾ ਮਹੀਨਾ ਚੜਿਆ ਹੈ ਕੱਤਕ ਦੇ ਮਹੀਨੇ ਨੂ ਬਹੁਤ ਸੁਹਾਵਣਾ ਮਨਿਆ ਜਾਂਦਾ ਹੈ| ਗੁਰੂ ਜੀ ਫਰਮਾਉਂਦੇ ਹਨ ਕੇ ਜੇ ਇਸ ਸੁਹਾਵਨੀ ਰੁੱਤ ਵਿਚ ਵੀ ਪ੍ਰਭੁ ਮਿਲਾਪ ਦੀ ਇਛਾ ਨਾ ਹੋਈ ਤਾਂ ਆਪਣੇ ਕੀਤੇ ਕਰਮਾ ਦਾ ਹੀ ਦੋਸ਼ ਹੈ| “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥“ ਜੋ ਮਨੁਖ ਕਰਦਾ ਹੈ ਉਸੇ ਦਾ ਫਲ ਪਾਉਂਦਾ ਹੈ.. ਜਪੁਜੀ ਦੀ ੨੦ਵੀਂ ਪੌੜੀ ਵਿਚ ਗੁਰੂ ਸਾਹਿਬ ਫਰਮਾਉਂਦੇ ਹਨ; “ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥“ ਪੁੰਨ ਅਤੇ ਪਾਪ ਕੋਈ ਸਿਰਫ ਕਹਨ ਦੀਆਂ ਗਲਾਂ ਨਹੀਂ ਹਨ, ਜਿਸ ਤਰਾਂ ਦਾ ਬੀਜੋਗੇ ਫਲ ਉਸੇ ਤਰਾਂ ਦਾ ਮਿਲੇਗਾ| ਖੁਸ਼ੀ ਨੂ ਪਾਉਣ ਦਾ ਰਸਤਾ ਸਿਰਫ ਅਤੇ ਸਿਰਫ ਅਕਾਲਪੁਰਖ ਹੈ| ਤੁਸੀਂ ਸਰੀਰਕ ਸੁੱਖ ਤਾਂ ਭੋਗ ਸਕਦੇ ਹੋ ਪਰ ਮਾਨਸਿਕ ਸੁੱਖ ਸਿਰਫ ਅਕਾਲਪੁਰਖ ਹੀ ਦੇ ਸਕਦਾ ਹੈ| ਮਨੁੱਖ ਜਿਨਾ ਜਿਆਦਾ ਮਾਇਆ ਦੇ ਬੰਧਨਾ ਵਿਚ ਫਸਦਾ ਜਾਂਦਾ ਹੈ ਓਨਾ ਜਿਆਦਾ ਰੱਬ ਜੀ ਤੋਂ ਦੂਰ ਹੁੰਦਾ ਜਾਂਦਾ ਹੈ| ਕਿਸੇ ਦੁਜੇ ਦੇ ਅਗੇ ਆਪਣੇ ਰੋਣੇ ਰੋਣ ਨਾਲ ਕੁਝ ਨਹੀਂ ਹੁੰਦਾ..ਕਈ ਮਨੁੱਖ ਉਸ ਸੁੱਖ ਸ਼ਾਂਤੀ ਦੀ ਤਲਾਸ਼ ਵਿਚ ਅਖੌਤੀ ਸੰਤਾਂ, ਸਾਧਾਂ, ਪਖੰਡੀਆਂ ਦੇ ਚੱਕਰਾਂ ਵਿਚ ਫੱਸ ਜਾਂਦੇ ਹਨ ਕੇ ਸ਼ਾਇਦ ਇਹ ਮੈਨੂ ਖੁਸ਼ੀ ਦਵਾ ਸਕਦਾ ਹੈ...ਗੁਰੂ ਸਾਹਿਬ ਫਰਮਾਉਂਦੇ ਹਨ ਕੇ ਕੋਈ ਵਿਚੋਲਾ ਤੁਹਾਡੇ ਅਤੇ ਅਕਾਲਪੁਰਖ ਦੇ ਵਿਚਕਾਰ ਨਹੀਂ ਆ ਸਕਦਾਇਸ ਲਈ  ਕਿਸੇ ਕੋਲ ਜਾ ਕੇ ਆਪਣੇ ਰੋਣੇ ਰੋਣ ਦਾ ਕੋਈ ਫਾਇਦਾ ਨਹੀਂ ਹੈ| ਜਿਹੜੇ ਕਰਮ ਕੀਤੇ ਹਨ ਓਹਨਾ ਦਾ ਫਲ ਤਾਂ ਭੁਗਤਨਾ ਹੀ ਪੈਣਾ ਹੈ “ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥“ ਉਸ ਦੇ ਹੁਕਮ ਵਿੱਚ ਹੀ ਕੀਤੇ ਕਰਮਾ ਦਾ ਹਿਸਾਬ ਕਿਤਾਬ ਹੁੰਦਾ ਹੈ| ਚੰਗੇ ਭਾਗਾਂ ਨਾਲ ਜਦੋਂ ਅਕਾਲਪੁਰਖ ਮਿਲ ਜਾਂਦਾ ਹੈ ਭਾਵ ਮਨੁਖ ਉਸ ਨਾਲ ਇਕ ਮਿੱਕ ਹੋ ਜਾਂਦਾ ਹੈ (ਤੇਰ,ਮੇਰ,ਈਰਖਾ,ਲਾਲਚ,ਕ੍ਰੋਧ,ਹਉਮੇ ਖਤਮ ਹੋ ਜਾਂਦੀ ਹੈ) ਤਾਂ ਸਾਰੇ ਦੁੱਖ ਮਿਟ ਜਾਂਦੇ ਹਨ| ਅਖੀਰ ਵਿਚ ਨਾਨਕ ਅਰਦਾਸ ਕਰਦਾ ਹੈ ਕੇ ਮੈਨੂ ਮਾਇਆ ਦੇ ਬੰਧਨਾ ਤੋਂ ਮੁਕਤ ਕਰਵਾ ਦੇ ਕਿਉਂਕੇ ਇੱਕ ਤੂੰ ਹੀ ਹੈ ਜੋ ਇਹ ਕਰ ਸਕਦਾ ਹੈਂ| ਇਸ ਕੱਤਕ ਦੀ ਸੁਹਾਵਨੀ ਰੁੱਤ ਵਿਚ ਜਿਨਾ ਨੂ ਸਾਧ ਸੰਗਤ ਮਿਲ ਜਾਂਦੀ ਹੈ ਓਹਨਾ ਦੇ ਸਾਰੇ ਫੁਰਨੇ ਮੁੱਕ ਜਾਂਦੇ ਹਨ ਅਤੇ ਓਹ “ਹੁਕਮ ਰਜਾਈ ਚਲਣਾ” ਦੀ ਅਵਸਥਾ ਵਿਚ ਪਹੁੰਚ ਜਾਂਦੇ ਹਨ| ......ਭੁੱਲ ਚੁੱਕ ਦੀ ਖਿਮਾ ਵਰਿੰਦਰ ਸਿੰਘ (ਗੋਲਡੀ)